ਨਿਰਭਯਾ ਕਾਂਡ : ਤਿਹਾੜ 'ਚ 4 ਦੋਸ਼ੀਆਂ ਨੂੰ ਫਾਂਸੀ ਦੇਣ ਦਾ ਕੀਤਾ ਅਭਿਆਸ

1/13/2020 10:33:05 AM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਤੇ ਹੱਤਿਆ ਕਾਂਡ ਮਾਮਲੇ ਵਿਚ 4 ਦੋਸ਼ੀਆਂ ਨੂੰ ਫਾਂਸੀ ਦੇਣ ਦਾ ਐਤਵਾਰ ਨੂੰ ਤਿਹਾੜ ਜੇਲ ਵਿਚ ਅਭਿਆਸ ਕੀਤਾ ਗਿਆ। ਜੇਲ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੇਲ ਦੇ ਅਧਿਕਾਰੀਆਂ ਦੀ ਇਕ ਟੀਮ ਨੇ 4 ਦੋਸ਼ੀਆਂ ਨੂੰ ਫਾਂਸੀ ਦੇਣ ਦਾ ਅਭਿਆਸ ਕੀਤਾ। ਅਭਿਆਸ ਵਿਚ ਦੋਸ਼ੀਆਂ ਦੇ ਵਜ਼ਨ ਦੇ ਬਰਾਬਰ ਪਰਾਲੀ ਤੇ ਪੱਥਰ ਦੇ ਪੁਤਲਿਆਂ ਨੂੰ ਫਾਂਸੀ 'ਤੇ ਲਟਕਾਇਆ ਗਿਆ। ਉਨ੍ਹਾਂ ਦੱਸਿਆ ਕਿ ਫਾਂਸੀ ਜੇਲ ਨੰਬਰ 3 ਵਿਚ ਹੋਵੇਗੀ।

ਜ਼ਿਕਰਯੋਗ ਹੈ ਕਿ ਦਿੱਲੀ ਦੀ ਇਕ ਅਦਾਲਤ ਨੇ ਮਾਮਲੇ ਦੇ 4 ਦੋਸ਼ੀਆਂ ਮੁਕੇਸ਼, ਪਵਨ ਗੁਪਤਾ, ਵਿਨੇ ਸ਼ਰਮਾ ਅਤੇ ਅਕਸ਼ੈ ਕੁਮਾਰ ਸਿੰਘ ਦੀ ਮੌਤ ਦਾ ਵਾਰੰਟ ਮੰਗਲਵਾਰ ਨੂੰ ਜਾਰੀ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ ਵਿਚ ਫਾਂਸੀ 'ਤੇ ਲਟਕਾਇਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਐਤਵਾਰ ਨੂੰ ਛੁੱਟੀ ਦਾ ਦਿਨ ਹੋਣ ਦੇ ਬਾਵਜੂਦ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜੇਲ ਦੇ ਕਈ ਉੱਚ ਅਧਿਕਾਰੀਆਂ ਨੇ ਫਾਂਸੀ ਦੇ ਤਖਤੇ ਵਾਲੀ ਜੇਲ ਨੰਬਰ-3 ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਚਾਰੇ ਸੈੱਲ ਵੀ ਦੇਖੇ। ਇੱਥੇ ਟੁੱਟੇ ਹੋਏ ਫਰਸ਼ ਨੂੰ ਠੀਕ ਕਰ ਕੇ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ। ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਰਿਵਾਰ ਨਾਲ ਅੰਤਿਮ ਮੁਲਾਕਾਤ ਹੋਣੀ ਹਾਲੇ ਬਾਕੀ ਹੈ।

ਦੱਸਣਯੋਗ ਹੈ ਕਿ ਦਿੱਲੀ 'ਚ 16 ਦਸੰਬਰ 2012 ਦੀ ਰਾਤ ਨੂੰ ਚੱਲਦੀ ਬੱਸ 'ਚ ਇਕ 23 ਸਾਲਾ ਪੈਰਾ-ਮੈਡੀਕਲ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਗਿਆ ਸੀ। ਦੋਸ਼ੀਆਂ ਨੇ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਕੁੜੀ ਨੂੰ ਚੱਲਦੀ ਬੱਸ 'ਚੋਂ ਬਾਹਰ ਸੁੱਟ ਦਿੱਤਾ ਸੀ। ਇਸ ਘਟਨਾ ਦੇ ਕੁਝ ਦਿਨਾਂ ਬਾਅਦ ਪੀੜਤਾ ਦੀ ਮੌਤ ਹੋ ਗਈ। ਇਸ ਅਪਰਾਧ ਨੂੰ ਪਵਨ ਗੁਪਤਾ, ਮੁਕੇਸ਼, ਅਕਸ਼ੈ ਕੁਮਾਰ ਅਤੇ ਵਿਨੇ ਤੋਂ ਇਲਾਵਾ 2 ਹੋਰ ਦੋਸ਼ੀਆਂ ਨੇ ਅੰਜਾਮ ਦਿੱਤਾ ਸੀ। ਇਕ ਦੋਸ਼ੀ ਨੇ ਜੇਲ 'ਚ ਹੀ ਖੁਦਕੁਸ਼ੀ ਕਰ ਲਈ ਸੀ, ਜਦਕਿ ਇਕ ਨੂੰ ਨਾਬਾਲਗ ਹੋਣ ਕਰ ਕੇ ਬਾਲ ਸੁਧਾਰ ਘਰ ਭੇਜਿਆ ਗਿਆ, ਜਿੱਥੇ ਉਸ ਨੇ 3 ਸਾਲ ਦੀ ਸਜ਼ਾ ਪੂਰੀ ਕੀਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ