ਫਾਂਸੀ ਟਾਲਣ ਲਈ ਨਿਰਭਯਾ ਮਾਮਲੇ ਦੇ ਦੋਸ਼ੀ ਨੇ ਜੇਲ ਵਿਚ ਕੀਤਾ ਇਹ ਕਾਰਨਾਮਾ

02/20/2020 10:14:03 AM

ਨਵੀਂ ਦਿੱਲੀ—  ਤਿਹਾੜ ਜੇਲ ਨੰਬਰ 3 'ਚ ਬੰਦ ਨਿਰਭਯਾ ਕੇਸ ਦੇ ਚਾਰ ਦੋਸ਼ੀਆਂ ਵਿਚੋਂ ਇਕ ਵਿਨੈ ਸ਼ਰਮਾ ਨੇ ਸੋਮਵਾਰ ਨੂੰ ਆਪਣੇ ਸੈੱਲ ਦੀ ਕੰਧ 'ਤੇ ਸਿਰ ਮਾਰ ਕੇ ਖੁਦ ਨੂੰ ਜ਼ਖ਼ਮੀ ਕਰ ਲਿਆ। ਇਸ ਤੋਂ ਪਹਿਲਾਂ ਕਿ ਸਥਿਤੀ ਹੋਰ ਗੰਭੀਰ ਹੁੰਦੀ ਵਾਰਡਨ ਇੰਚਾਰਜ ਇਸ ਨੂੰ ਰੋਕਣ 'ਚ ਕਾਮਯਾਬ ਹੋ ਗਏ ਅਤੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਛੁੱਟੀ ਦੇ ਦਿੱਤੀ ਗਈ। ਮਾਹਰਾਂ ਦੀ ਮੰਨੀਏ ਤਾਂ ਵਿਨੈ ਸ਼ਰਮਾ ਦੀ ਇਹ ਕੋਸ਼ਿਸ਼ ਫਾਂਸੀ ਨੂੰ ਟਾਲਣ ਦੀ ਹੋ ਸਕਦੀ ਹੈ ਕਿਉਂਕਿ ਜੇਕਰ ਕੋਈ ਦੋਸ਼ੀ ਜ਼ਖਮੀ ਜਾਂ ਉਸ ਦਾ ਭਾਰ ਘੱਟ ਪਾਇਆ ਜਾਂਦਾ ਹੈ, ਤਾਂ ਮੌਤ ਦੀ ਸਜ਼ਾ ਉਦੋਂ ਤੱਕ ਮੁਲਤਵੀ ਕੀਤੀ ਜਾ ਸਕਦੀ ਹੈ ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦਾ।

 

ਸੂਤਰਾਂ ਨੇ ਦੱਸਿਆ ਕਿ ਵਿਨੈ ਨੇ ਜੇਲ ਦੀ ਗਰਿਲਜ਼ ਵਿਚ ਆਪਣਾ ਹੱਥ ਫਸਾ ਕੇ ਫਰੈਕਚਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਸ ਦੇ ਵਕੀਲ ਏ. ਪੀ. ਸਿੰਘ ਮੁਤਾਬਕ, ਇਹ ਘਟਨਾ 16 ਫਰਵਰੀ ਨੂੰ ਵਾਪਰੀ ਸੀ ਤੇ ਅਗਲੇ ਦਿਨ ਵਿਨੈ ਦੀ ਮਾਂ ਨੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦਿੱਤੀ। 17 ਫਰਵਰੀ ਨੂੰ ਵਿਨੈ ਨੇ ਆਪਣੀ ਮਾਂ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਸਿੰਘ ਨੇ ਕਿਹਾ ਕਿ ਵਿਨੈ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਮੌਤ ਦਾ ਨਵਾਂ ਵਾਰੰਟ ਜਾਰੀ ਹੋਣ ਤੋਂ ਬਾਅਦ ਉਸ ਦੀ ਮਾਨਸਿਕ ਸਥਿਤੀ ਵਿਗੜ ਗਈ ਹੈ।
ਹਾਲਾਂਕਿ, ਜੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਨੈ ਨਾਲ ਗੱਲਬਾਤ ਵਿਚ ਇਸ ਦਾ ਕੋਈ ਸੰਕੇਤ ਨਹੀਂ ਮਿਲਿਆ। ਇਕ ਅਧਿਕਾਰੀ ਨੇ ਕਿਹਾ ਕਿ ਉਹ ਬਿਲਕੁਲ ਸਿਹਤਮੰਦ ਹੈ ਤੇ ਹਾਲ ਹੀ ਦੇ ਮਨੋਵਿਗਿਆਨਕ ਟੈਸਟ ਵਿਚ ਵੀ ਉਹ ਬਹੁਤ ਤੰਦਰੁਸਤ ਸੀ। ਜ਼ਿਕਰਯੋਗ ਹੈ ਕਿ ਨਿਰਭਯਾ ਦੇ ਚਾਰ ਦੋਸ਼ੀਆਂ ਵਿਚੋਂ ਤਿੰਨ ਕੋਲ ਕਾਨੂੰਨੀ ਉਪਚਾਰਾਂ ਦਾ ਕੋਈ ਰਸਤਾ ਨਹੀਂ ਬਚਿਆ ਹੈ। ਸਿਰਫ ਪਵਨ ਗੁਪਤਾ ਕੋਲ ਰਾਸ਼ਟਰਪਤੀ ਤੋਂ ਮੁਆਫੀ ਮੰਗਣ ਦਾ ਬਦਲ ਹੈ। ਪਟਿਆਲਾ ਹਾਊਸ ਕੋਰਟ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਦੇਣ ਲਈ 3 ਮਾਰਚ ਦਾ ਮੌਤ ਦਾ ਵਾਰੰਟ ਜਾਰੀ ਕੀਤਾ ਗਿਆ ਹੈ। ਸ਼ਾਇਦ ਇਸ ਲਈ ਵਿਨੈ ਸ਼ਰਮਾ ਨੇ ਇਸ ਤੋਂ ਬਚਣ ਲਈ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।


Related News