ਕੋਰਟ ਦੇ ਫੈਸਲੇ ਤੋਂ ਖੁਸ਼ ਹੋਏ ਨਿਰਭਿਆ ਦੇ ਮਾਪੇ, ਕਿਹਾ- ਸਾਡੀ ਧੀ ਨੂੰ ਮਿਲਿਆ ਇਨਸਾਫ

Tuesday, Jan 07, 2020 - 06:34 PM (IST)

ਕੋਰਟ ਦੇ ਫੈਸਲੇ ਤੋਂ ਖੁਸ਼ ਹੋਏ ਨਿਰਭਿਆ ਦੇ ਮਾਪੇ, ਕਿਹਾ- ਸਾਡੀ ਧੀ ਨੂੰ ਮਿਲਿਆ ਇਨਸਾਫ

ਨਵੀਂ ਦਿੱਲੀ— ਨਿਰਭਿਆ ਗੈਂਗਰੇਪ ਦੇ ਚਾਰੇ ਦੋਸ਼ੀਆਂ ਨੂੰ 22 ਜਨਵਰੀ 2020 ਨੂੰ ਸਵੇਰੇ 7 ਵਜੇ ਫਾਂਸੀ 'ਤੇ ਲਟਕਾਇਆ ਜਾਵੇਗਾ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅੱਜ ਇਹ ਵੱਡਾ ਫੈਸਲਾ ਸੁਣਾਇਆ ਹੈ। ਨਿਰਭਿਆ ਗੈਂਗਰੇਪ ਕਾਂਡ ਦੇ ਦੋਸ਼ੀਆਂ- ਮੁਕੇਸ਼, ਵਿਨੇ ਸ਼ਰਮਾ, ਅਕਸ਼ੇ ਕੁਮਾਰ ਅਤੇ ਪਵਨ ਗੁਪਤਾ ਨੂੰ ਫਾਂਸੀ ਦਿੱਤੀ ਜਾਣੀ ਹੈ। ਓਧਰ ਨਿਰਭਿਆ ਦੇ ਮਾਤਾ-ਪਿਤਾ ਨੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਦੀ ਤਰੀਕ ਤੈਅ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਨਿਰਭਿਆ ਦੇ ਪਿਤਾ ਨੇ ਕਿਹਾ ਮੈਂ ਕੋਰਟ ਦੇ ਫੈਸਲੇ ਤੋਂ ਖੁਸ਼ ਹਾਂ। ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ 'ਤੇ ਲਟਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਉਨ੍ਹਾਂ ਲੋਕਾਂ 'ਚ ਡਰ ਪੈਦਾ ਕਰੇਗਾ, ਜੋ ਅਜਿਹੇ ਅਪਰਾਧਾਂ ਨੂੰ ਅੰਜ਼ਾਮ ਦੇਣ 'ਚ ਜ਼ਰਾ ਵੀ ਡਰਦੇ ਨਹੀਂ ਹਨ। 

ਅੱਜ ਜਦੋਂ ਇਹ ਫੈਸਲਾ ਸੁਣਾਇਆ ਗਿਆ ਤਾਂ ਇਸ ਤੋਂ ਪਹਿਲਾਂ ਨਿਰਭਿਆ ਦੀ ਮਾਂ ਕੋਰਟ 'ਚ ਰੋ ਪਈ ਸੀ। ਕੋਰਟ ਦੇ ਫੈਸਲੇ ਤੋਂ ਬਾਅਦ ਮਾਂ ਨੇ ਕਿਹਾ ਕਿ ਮੇਰੀ ਧੀ ਨੂੰ ਇਨਸਾਫ ਮਿਲ ਗਿਆ ਹੈ। ਨਿਰਭਿਆ ਦੇ ਚਾਰੇ ਦੋਸ਼ੀ ਨੂੰ ਸਜ਼ਾ ਮਿਲਣ ਨਾਲ ਦੇਸ਼ ਦੀਆਂ ਔਰਤਾਂ ਨੂੰ ਤਾਕਤ ਮਿਲੇਗੀ। ਕੋਰਟ ਦਾ ਫੈਸਲਾ ਕਾਨੂੰਨ 'ਚ ਔਰਤਾਂ ਦੇ ਵਿਸ਼ਵਾਸ ਨੂੰ ਬਹਾਲ ਕਰੇਗਾ। ਦੋਸ਼ੀਆਂ ਨੂੰ ਫਾਂਸੀ ਦੇਣ ਨਾਲ ਅਪਰਾਧੀ ਡਰਨਗੇ। ਦੱਸਣਯੋਗ ਹੈ ਕਿ ਪਟਿਆਲਾ ਹਾਊਸ ਕੋਰਟ 'ਚ ਚਾਰੇ ਦੋਸ਼ੀਆਂ ਦੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ੀ ਹੋਈ। ਚਾਰੋਂ ਦੋਸ਼ੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਜੱਜ ਸਾਹਮਣੇ ਪੇਸ਼ ਹੋਏ, ਜੱਜ ਨੇ ਚਾਰੇ ਦੋਸ਼ੀਆਂ ਸਾਹਮਣੇ ਸਜ਼ਾ ਸੁਣਾਈ।


author

Tanu

Content Editor

Related News