ਨਿਰਭਯਾ ਦੇ ਪਿਤਾ ਬੋਲੇ- ਅਸੀਂ ਸੋਨੀਆ ਗਾਂਧੀ ਵਾਂਗ ''ਵੱਡੇ ਦਿਲ'' ਵਾਲੇ ਨਹੀਂ

01/18/2020 5:32:05 PM

ਨਵੀਂ ਦਿੱਲੀ— ਨਿਰਭਯਾ ਦੇ ਪਿਤਾ ਨੇ ਸ਼ਨੀਵਾਰ ਭਾਵ ਅੱਜ ਕਿਹਾ ਕਿ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੂੰ ਇਸ ਸਲਾਹ ਲਈ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਬੇਟੀ ਨਾਲ ਗੈਂਗਰੇਪ ਮਾਮਲੇ 'ਚ ਫਾਂਸੀ ਦੀ ਸਜ਼ਾ ਪ੍ਰਾਪਤ ਚਾਰੇ ਦੋਸ਼ੀਆਂ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਇੰਨਾ ਵੱਡਾ ਦਿਲ ਨਹੀਂ ਹੈ, ਜਿੰਨਾ ਕਾਂਗਰਸ ਨੇਤਾ ਸੋਨੀਆ ਗਾਂਧੀ ਦਾ ਹੈ। ਨਿਰਭਯਾ ਦੇ ਪਿਤਾ ਨੇ ਵਕੀਲ ਇੰਦਰਾ ਨੂੰ ਮੁਆਫ਼ੀ ਮੰਗਣ ਲਈ ਵੀ ਕਿਹਾ। ਇੱਥੇ ਦੱਸ ਦੇਈਏ ਕਿ ਵਕੀਲ ਇੰਦਰਾ ਜੈਸਿੰਘ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ ਸੀ ਕਿ ਮੈਂ ਨਿਰਭਯਾ ਦੀ ਮਾਂ (ਆਸ਼ਾ ਦੇਵੀ) ਦੇ ਦਰਦ ਨਾਲ ਪੂਰੀ ਤਰ੍ਹਾਂ ਵਾਕਿਫ ਹਾਂ, ਮੈਂ ਅਪੀਲ ਕਰਦੀ ਹਾਂ ਉਹ ਸੋਨੀਆ ਗਾਂਧੀ ਦੇ ਉਦਾਹਰਣ ਨੂੰ ਫਾਲੋਅ ਕਰਨ, ਜਿਨ੍ਹਾਂ ਨੇ ਨਲਿਨੀ ਨੂੰ ਮੁਆਫ਼ ਕਰ ਦਿੱਤਾ ਅਤੇ ਕਿਹਾ ਕਿ ਉਹ ਉਸ ਲਈ ਮੌਤ ਦੀ ਸਜ਼ਾ ਨਹੀਂ ਚਾਹੁੰਦੀ। ਅਸੀਂ ਤੁਹਾਡੇ (ਆਸ਼ਾ ਦੇਵੀ) ਨਾਲ ਹਾਂ ਪਰ ਮੌਤ ਦੀ ਸਜ਼ਾ ਦੇ ਵਿਰੁੱਧ ਹਾਂ। ਦੱਸਣਯੋਗ ਹੈ ਕਿ ਨਲਿਨੀ ਸ਼੍ਰੀਹਰਨ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਰਾਜੀਵ ਗਾਂਧੀ ਦੀ ਪਤਨੀ ਸੋਨੀਆ ਗਾਂਧੀ ਦੇ ਦਖਲ ਦੇਣ 'ਤੇ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ। 

ਓਧਰ ਨਿਰਭਯਾ ਦੇ ਪਿਤਾ ਨੇ ਕਿਹਾ ਕਿ ਇੰਦਰਾ ਦੀ ਅਜਿਹੀ ਸਲਾਹ ਇਕ ਗਲਤ ਸੰਦੇਸ਼ ਹੈ। ਉਹ ਖੁਦ ਇਕ ਔਰਤ ਹਨ। ਉਨ੍ਹਾਂ ਨੂੰ ਆਪਣੇ ਬਿਆਨ 'ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ ਅਤੇ ਨਿਰਭਯਾ ਦੀ ਮਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਅਸੀਂ ਪਿਛਲੇ 7 ਸਾਲਾਂ ਤੋਂ ਇਸ ਮਾਮਲੇ ਨੂੰ ਲੜ ਰਹੇ ਹਾਂ। ਅਸੀਂ ਆਮ ਆਦਮੀ ਹਾਂ ਨਾ ਕਿ ਨੇਤਾ। ਸਾਡਾ ਦਿਲ ਸੋਨੀਆ ਗਾਂਧੀ ਜੀ ਜਿੰਨਾ ਵੱਡਾ ਨਹੀਂ ਹੈ। ਨਿਰਭਯਾ ਦੇ ਪਿਤਾ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਹੀ ਬਲਾਤਕਾਰ ਦੀਆਂ ਵਧਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ। ਦੱਸਣਯੋਗ ਹੈ ਕਿ ਦਿੱਲੀ ਦੀ ਇਕ ਅਦਾਲਤ ਨੇ ਨਿਰਭਯਾ ਨਾਲ ਗੈਂਗਰੇਪ ਅਤੇ ਉਸ ਦੀ ਹੱਤਿਆ ਦੇ ਮਾਮਲੇ 'ਚ ਚਾਰੇ ਦੋਸ਼ੀਆਂ- ਵਿਨੇ ਸ਼ਰਮਾ, ਮੁਕੇਸ਼ ਕੁਮਾਰ, ਅਕਸ਼ੇ ਕੁਮਾਰ ਅਤੇ ਪਵਨ ਗੁਪਤਾ ਦਾ ਮੌਤ ਦਾ ਵਾਰੰਟ ਜਾਰੀ ਕੀਤਾ ਹੈ। ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ 22 ਜਨਵਰੀ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਇਕ ਦੋਸ਼ੀ ਮੁਕੇਸ਼ ਦੀ ਦਇਆ ਪਟੀਸ਼ਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਨਵਾਂ ਵਾਰੰਟ ਜਾਰੀ ਕੀਤਾ ਗਿਆ।


Tanu

Content Editor

Related News