ਨੀਰਵ ਮੋਦੀ ਤੇ ਪਰਿਵਾਰ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

Wednesday, Jun 13, 2018 - 01:40 AM (IST)

ਨੀਰਵ ਮੋਦੀ ਤੇ ਪਰਿਵਾਰ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

ਮੁੰਬਈ/ਨਵੀਂ ਦਿੱਲੀ,(ਭਾਸ਼ਾ)—ਇਕ ਵਿਸ਼ੇਸ਼ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ ਨਾਲ ਜੁੜੇ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਘਪਲੇ ਦੇ ਮਾਮਲੇ ਵਿਚ ਮੰਗਲਵਾਰ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਪਰਿਵਾਰ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ। ਅਦਾਲਤ ਨੇ ਈ. ਡੀ. ਵਲੋਂ ਪਿਛਲੇ ਮਹੀਨੇ ਦਾਇਰ ਕੀਤੇ ਗਏ ਦੋਸ਼ ਪੱਤਰ 'ਤੇ ਨੋਟਿਸ ਲੈਂਦਿਆਂ ਇਹ ਹੁਕਮ ਦਿੱਤਾ। 
ਇਸ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਅਤੇ ਬਰਤਾਨੀਆ ਦੀ ਕੱਟੜਪੰਥ ਰੋਕੂ ਮਾਮਲਿਆਂ ਦੀ ਮੰਤਰੀ ਬੇਰੋਨੇਸ ਦਰਮਿਆਨ ਬੈਠਕ ਹੋਈ ਸੀ। ਇਸ ਬੈਠਕ ਦੌਰਾਨ ਬਰਤਾਨੀਆ ਨੇ ਨੀਰਵ ਮੋਦੀ ਦੇ ਬਰਤਾਨੀਆ ਵਿਚ ਹੋਣ ਦੀ ਪੁਸ਼ਟੀ ਕੀਤੀ ਸੀ।   ਇਸ ਦੌਰਾਨ ਬਰਤਾਨੀਆ ਲੰਮੇ ਸਮੇਂ ਤੋਂ ਅਟਕੇ ਪਏ ਗੈਰ-ਕਾਨੂੰਨੀ ਇੰਮੀਗ੍ਰੇਸ਼ਨ ਸਮਝੌਤੇ 'ਤੇ ਹਸਤਾਖਰ ਕਰ ਕੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਦੀ ਪ੍ਰਕਿਰਿਆ ਨੂੰ ਇਸ ਨਾਲ ਜੋੜ ਸਕਦਾ ਹੈ। 
ਇਸ ਤਰ੍ਹਾਂ ਦੋਵਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਅਧਿਕਾਰੀਆਂ ਨੇ ਮੰਗਲਵਾਰ ਦੱਸਿਆ ਕਿ ਇਸ ਸਮਝੌਤੇ 'ਤੇ ਹਸਤਾਖਰ ਕਰਨ ਪਿੱਛੋਂ ਬਰਤਾਨੀਆ ਵਿਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 75 ਹਜ਼ਾਰ ਭਾਰਤੀਆਂ ਨੂੰ ਵਾਪਸ ਭੇਜਣ ਵਿਚ ਮਦਦ ਮਿਲੇਗੀ। ਨਾਲ ਹੀ ਨੀਰਵ ਮੋਦੀ ਅਤੇ ਵਿਜੇ ਮਾਲਿਆ ਨੂੰ ਵੀ ਭਾਰਤ ਲਿਆਉਣਾ ਸੌਖਾ ਹੋ ਜਾਵੇਗਾ।


Related News