ਏਮਸ ਕਲਿਆਣੀ ’ਚ ਨਿਪਾਹ ਵਾਇਰਸ ਦੇ 2 ਸ਼ੱਕੀ ਮਾਮਲੇ ਸਾਹਮਣੇ ਆਏ

Monday, Jan 12, 2026 - 11:17 PM (IST)

ਏਮਸ ਕਲਿਆਣੀ ’ਚ ਨਿਪਾਹ ਵਾਇਰਸ ਦੇ 2 ਸ਼ੱਕੀ ਮਾਮਲੇ ਸਾਹਮਣੇ ਆਏ

ਨਵੀਂ ਦਿੱਲੀ, (ਭਾਸ਼ਾ)- ਪੱਛਮੀ ਬੰਗਾਲ ਦੇ ਕਲਿਆਣੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਸ) ’ਚ ਆਈ. ਸੀ. ਐੱਮ. ਆਰ. ਦੀ ਵਾਇਰਸ ਖੋਜ ਅਤੇ ਡਾਇਗਨੌਸਟਿਕ ਪ੍ਰਯੋਗਸ਼ਾਲਾ ’ਚ 11 ਜਨਵਰੀ ਨੂੰ ਨਿਪਾਹ ਵਾਇਰਸ ਦੇ 2 ਸ਼ੱਕੀ ਮਾਮਲੇ ਪਾਏ ਗਏ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਪਸ਼ੂਆਂ ਤੋਂ ਇਨਸਾਨਾਂ ’ਚ ਫੈਲਣ ਵਾਲੇ ਨਿਪਾਹ ਵਾਇਰਸ ਦੇ ਗੰਭੀਰ ਮਾਮਲਿਆਂ ਨੂੰ ਵੇਖਦੇ ਹੋਏ ਸਥਿਤੀ ਨੂੰ ਸਰਵਉੱਚ ਤਰਜੀਹ ਨਾਲ ਸੰਭਾਲਿਆ ਜਾ ਰਿਹਾ ਹੈ। ਇਸ ਬਿਮਾਰੀ ’ਚ ਮੌਤ ਦਰ ਬਹੁਤ ਜ਼ਿਆਦਾ ਹੋ ਸਕਦੀ ਹੈ ਅਤੇ ਇਸ ਵਿਚ ਤੇਜ਼ੀ ਨਾਲ ਫੈਲਣ ਦੀ ਸਮਰੱਥਾ ਹੈ।

ਓਧਰ, ਕੇਂਦਰ ਸਰਕਾਰ ਨੇ ਮਾਹਿਰਾਂ ਦੀ ਟੀਮ ਭੇਜੀ ਹੈ ਅਤੇ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ ਨੇ ਸੀ. ਐੱਮ. ਮਮਤਾ ਨਾਲ ਫੋਨ ’ਤੇ ਗੱਲ ਕਰ ਕੇ ਅਪਡੇਟ ਲਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਕੇਂਦਰ ਸਰਕਾਰ ਸੂਬੇ ਨੂੰ ਹਰ ਜ਼ਰੂਰੀ ਮਦਦ ਮੁਹੱਈਆ ਕਰਵਾਏਗੀ।

ਇਕ ਸੂਤਰ ਨੇ ਦੱਸਿਆ ਕਿ ਸ਼ੱਕੀ ਮਰੀਜ਼ਾਂ ’ਚੋਂ ਇਕ ਦਾ ਬੰਗਾਲ ਦੇ ਨਾਦੀਆ ਜ਼ਿਲੇ ਦੇ ਘੁਗਰਾਗਾਚੀ ਦੀ ਯਾਤਰਾ ਦਾ ਇਤਿਹਾਸ ਸੀ, ਜੋ ਭਾਰਤ-ਬੰਗਲਾਦੇਸ਼ ਸਰਹੱਦ ਦੇ ਨੇੜੇ ਸਥਿਤ ਹੈ। ਸੂਚਨਾ ਮਿਲਦਿਆਂ ਹੀ ਕੇਂਦਰੀ ਸਿਹਤ ਸਕੱਤਰ ਨੇ ਸਥਿਤੀ ਦੀ ਸਮੀਖਿਆ ਕਰਨ ਅਤੇ ਤੁਰੰਤ ਤੇ ਤਾਲਮੇਲ ਵਾਲੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਪੱਛਮੀ ਬੰਗਾਲ ਸਰਕਾਰ ਦੇ ਮੁੱਖ ਸਕੱਤਰ ਅਤੇ ਪ੍ਰਿੰਸੀਪਲ ਸਕੱਤਰ (ਸਿਹਤ) ਨਾਲ ਚਰਚਾ ਕੀਤੀ।

ਸੂਤਰਾਂ ਅਨੁਸਾਰ ਸੂਬਾ ਸਰਕਾਰ ਨੂੰ ਰੋਕਥਾਮ ਅਤੇ ਜਨਤਕ ਸਿਹਤ ਸਬੰਧੀ ਉਪਰਾਲਿਆਂ ’ਚ ਸਹਾਇਤਾ ਮੁਹੱਈਆ ਕਰਨ ਲਈ ਐੱਨ. ਡੀ. ਆਰ. ਐੱਫ. ਦੀ ਇਕ ਟੀਮ ਤਾਇਨਾਤ ਕੀਤੀ ਗਈ ਹੈ।


author

Rakesh

Content Editor

Related News