ਇਕ ਹੋਰ ਨਵੇਂ ਵਾਇਰਸ ਨੇ ਦਿੱਤੀ ਦਸਤਕ! 18 ਸਾਲਾ ਕੁੜੀ ਦੀ ਮੌਤ
Monday, Jul 07, 2025 - 12:32 PM (IST)

ਨੈਸ਼ਨਲ ਡੈਸਕ- ਕੋਵਿਡ-19 ਯਾਨੀ ਕੋਰੋਨਾ ਵਾਇਰਸ ਮਗਰੋਂ ਹੁਣ ਇਕ ਹੋਰ ਨਵੇਂ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਸ ਵਾਇਰਸ ਨਾਲ 18 ਸਾਲ ਦੀ ਕੁੜੀ ਦੀ ਮੌਤ ਹੋ ਗਈ ਹੈ। ਇਹ ਖ਼ਤਰਨਾਕ ਵਾਇਰਸ ਹੈ ਨਿਪਾਹ ਵਾਇਰਸ। ਭਾਰਤ ਦੇ ਸੂਬੇ ਕੇਰਲ ਵਿਚ ਨਿਪਾਹ ਵਾਇਰਸ ਫੈਲਿਆ ਹੈ।
ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਸੂਬੇ ਵਿਚ ਦੋ ਵਿਅਕਤੀ ਨਿਪਾਹ ਵਾਇਰਸ ਤੋਂ ਪੀੜਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਵਿਅਕਤੀਆਂ ਦੇ ਸੰਪਰਕ ਵਿਚ 383 ਲੋਕ ਆਏ ਹਨ, ਜਿਨ੍ਹਾਂ ਦੀ ਜਾਂਚ ਕਰ ਕੇ ਇਲਾਜ ਲਈ ਭੇਜਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਮਲੱਪੁਰਮ ਜ਼ਿਲ੍ਹੇ ਵਿਚ ਵਾਇਰਸ ਨਾਲ ਪੀੜਤ ਵਿਅਕਤੀਆਂ ਦੇ ਸੰਪਰਕ 'ਚ ਆਏ 12 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚੋਂ 5 ਆਈ.ਸੀ.ਯੂ ਵਿਚ ਹਨ। ਜਦੋਂ ਕਿ ਪਲੱਕੜ ਜ਼ਿਲ੍ਹੇ ਵਿਚ ਚਾਰ ਲੋਕਾਂ ਦਾ ਆਈਸੋਲੇਸ਼ਨ ਵਿਚ ਇਲਾਜ ਚੱਲ ਰਿਹਾ ਹੈ। ਮੰਤਰੀ ਨੇ ਕਿਹਾ ਕਿ ਮਲੱਪੁਰਮ ਜ਼ਿਲ੍ਹੇ ਵਿਚ ਇਕ 18 ਸਾਲਾ ਕੁੜੀ ਦੀ ਨਿਪਾਹ ਵਾਇਰਸ ਨਾਲ ਮੌਤ ਹੋ ਗਈ।
ਸਿਹਤ ਵਿਭਾਗ ਨੇ ਕੱਸੀ ਕਮਰ
ਨਿਪਾਹ ਵਾਇਰਸ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਸਬੰਧਤ ਜ਼ਿਲ੍ਹਿਆਂ ਨੂੰ ਕਈ ਮਹੱਤਵਪੂਰਨ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਵਿਚ ਬੁਖਾਰ ਸਰਵੇਖਣ, ਘਰ-ਘਰ ਜਾਂਚ ਅਤੇ ਮਾਨਸਿਕ ਸਲਾਹ ਵਰਗੀਆਂ ਸੇਵਾਵਾਂ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਪਲੱਕੜ ਅਤੇ ਮਲੱਪੁਰਮ ਵਿਚ ਪਾਜ਼ੇਟਿਵ ਪਾਏ ਗਏ ਲੋਕਾਂ ਦਾ ਰੂਟ ਮੈਪ ਵੀ ਜਨਤਕ ਕੀਤਾ ਗਿਆ ਹੈ ਤਾਂ ਜੋ ਲਾਗ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਇਆ ਜਾ ਸਕੇ। ਇਸ ਤੋਂ ਇਲਾਵਾ 108 ਐਂਬੂਲੈਂਸ ਸੇਵਾ ਸਮੇਤ ਸਾਰੀਆਂ ਡਾਕਟਰੀ ਸਹੂਲਤਾਂ ਨੂੰ ਅਲਰਟ ਮੋਡ 'ਤੇ ਰੱਖਿਆ ਗਿਆ ਹੈ।
ਨਿਪਾਹ ਵਾਇਰਸ ਕੀ ਹੈ?
ਨਿਪਾਹ ਵਾਇਰਸ ਮੁੱਖ ਰੂਪ ਨਾਲ ਚਮਗਿੱਦੜਾਂ ਤੋਂ ਫੈਲਦਾ ਹੈ। ਅਜਿਹੇ ਚਮਗਿੱਦੜਾਂ ਨੂੰ 'ਫਰੂਟ ਬੈਟ' ਕਿਹਾ ਜਾਂਦਾ ਹੈ ਜੋ ਫਲ਼ ਖਾਂਦੇ ਹਨ ਅਤੇ ਆਪਣੀ ਲਾਰ ਨੂੰ ਫਲ਼ 'ਤੇ ਛੱਡ ਦਿੰਦੇ ਹਨ। ਅਜਿਹੇ ਫਲ਼ ਨੂੰ ਖਾਣ ਵਾਲੇ ਜਾਨਵਰ ਜਾਂ ਇਨਸਾਨ ਨਿਪਾਹ ਵਾਇਰਸ ਨਾਲ ਇਨਫੈਕਟਿਵ ਹੋ ਜਾਂਦੇ ਹਨ। ਮਲੇਸ਼ੀਆ ਦੇ ਕੰਪੰਗ ਸੁੰਗਾਈ ਨਿਪਾਹ ਇਲਾਕੇ 'ਚ ਇਸ ਵਾਇਰਸ ਦਾ ਸਭ ਤੋਂ ਪਹਿਲਾਂ ਪਤਾ ਲੱਗਾ ਸੀ। ਇਸ ਇਲਾਕੇ ਦੇ ਨਾਮ 'ਤੇ ਹੀ ਇਸਦਾ ਨਾਮ ਨਿਪਾਹ ਪਿਆ। ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਦਿਮਾਗ ਨੂੰ ਨੁਕਸਾਨ ਪਹੁੰਚਦਾ ਹੈ।
ਨਿਪਾਹ ਵਾਇਰਸ ਦੇ ਲੱਛਣ ਹਨ- ਤੇਜ਼ ਬੁਖ਼ਾਰ ਆਉਣਾ, ਸਿਰਦਰਦ, ਉਲਟੀ ਅਤੇ ਬੇਹੋਸ਼ੀ, ਸਾਹ ਲੈਣ 'ਚ ਤਕਲੀਫ।