9 ਸਾਲ ਦੀ ਬੱਚੀ ਨਾਲ ਹੈਵਾਨੀਅਤ; ਦਰਿੰਦੇ ਨੇ ਅਗਵਾ ਕਰ ਕੀਤਾ ਜਬਰ-ਜ਼ਿਨਾਹ

Sunday, Nov 13, 2022 - 03:12 PM (IST)

9 ਸਾਲ ਦੀ ਬੱਚੀ ਨਾਲ ਹੈਵਾਨੀਅਤ; ਦਰਿੰਦੇ ਨੇ ਅਗਵਾ ਕਰ ਕੀਤਾ ਜਬਰ-ਜ਼ਿਨਾਹ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ’ਚ ਨਿਰਮਾਣ ਵਾਲੀ ਥਾਂ ਤੋਂ ਇਕ ਵਿਅਕਤੀ ਨੇ 9 ਸਾਲ ਦੀ ਬੱਚੀ ਨੂੰ ਅਗਵਾ ਕਰ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਦੌਰ ਦੇ ਪੁਲਸ ਡਿਪਟੀ ਕਮਿਸ਼ਨਰ ਅਮਿਤ ਤੋਲਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੱਚੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਘਟਨਾ ਸ਼ੁੱਕਰਵਾਰ ਅਤੇ ਸ਼ਨੀਵਾਰ ਰਾਤ ਰਾਜੇਂਦਰ ਨਗਰ ਇਲਾਕੇ ’ਚ ਇਕ ਨਿਰਮਾਣ ਅਧੀਨ ਇਮਾਰਤ ਦੀ ਸਾਈਟ ’ਤੇ ਵਾਪਰੀ, ਜਿੱਥੇ ਬੱਚੀ ਦੇ ਪਿਤਾ ਚੌਕੀਦਾਰ ਦੇ ਰੂਪ ’ਚ ਕੰਮ ਕਰਦੇ ਹਨ। 

ਤੋਲਾਨੀ ਨੇ ਦੱਸਿਆ ਕਿ 32 ਸਾਲਾ ਦੋਸ਼ੀ ਨੇ ਬੱਚੀ ਨੂੰ ਅਗਵਾ ਉਸ ਸਮੇਂ ਕੀਤਾ, ਜਦੋਂ ਉਹ ਆਪਣੇ ਮਾਤਾ-ਪਿਤਾ ਨਾਲ ਘਟਨਾ ਵਾਲੀ ਥਾਂ ’ਤੇ ਮੌਜੂਦ ਇਕ ਝੌਂਪੜੀ ’ਚ ਸੁੱਤੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਬੱਚੀ ਨੂੰ ਨਿਰਮਾਣ ਅਧੀਨ ਸਾਈਟ ਦੇ ਦੂਜੇ ਪਾਸੇ ਲੈ ਗਿਆ ਅਤੇ ਉਸ ਨਾਲ ਉਥੇ ਜਬਰ-ਜ਼ਿਨਾਹ ਕੀਤਾ। ਪੀੜਤ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਅਤੇ ਉਸ ਦਾ ਖੂਨ ਵਹਿ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਉਸ ਦੇ ਮਾਤਾ-ਪਿਤਾ ਉਸ ਨੂੰ ਬਚਾਉਣ ਲਈ ਆਏ ਅਤੇ ਉਸ ਨੂੰ ਲਹੂ-ਲੁਹਾਨ ਵੇਖ ਕੇ ਹੈਰਾਨ ਰਹਿ ਗਏ। ਉਸ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਅਤੇ ਪੁਲਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਪੁਲਸ ਨੇ ਇੰਦੌਰ ਜ਼ਿਲੇ ਦੇ ਅਹੀਰਖੇੜੀ ਪਿੰਡ ਵਾਸੀ ਦੋਸ਼ੀ ਦੀ ਭਾਲ ਕੀਤੀ। 

ਪੁਲਸ ਮੁਤਾਬਕ ਦੋਸ਼ੀ ਨੂੰ ਸ਼ਨੀਵਾਰ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਨੇ ਪੁਲਸ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਅਗਵਾ, ਜਬਰ-ਜ਼ਿਨਾਹ ਅਤੇ ਆਈ. ਪੀ. ਐੱਸ. ਦੀਆਂ ਹੋਰ ਧਾਰਾਵਾਂ ਦੇ ਨਾਲ-ਨਾਲ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।


author

Tanu

Content Editor

Related News