ਅੱਤਵਾਦੀ ਹਮਲਿਆਂ ’ਚ ਮਦਦਗਾਰ ਮੁੱਖ ਮਾਸਟਰ ਮਾਈਂਡ ਸਮੇਤ 9 ਗ੍ਰਿਫ਼ਤਾਰ

Tuesday, Aug 13, 2024 - 10:39 AM (IST)

ਅੱਤਵਾਦੀ ਹਮਲਿਆਂ ’ਚ ਮਦਦਗਾਰ ਮੁੱਖ ਮਾਸਟਰ ਮਾਈਂਡ ਸਮੇਤ 9 ਗ੍ਰਿਫ਼ਤਾਰ

ਕਠੂਆ/ਜੰਮੂ (ਉਦੈ)- ਕਠੂਆ ਜ਼ਿਲ੍ਹੇ ਦੇ ਬਿਲਾਵਰ ਖੇਤਰ ਵਿਚ ਪੈਂਦੇ ਬਦਨੌਤਾ ਵਿਚ ਫ਼ੌਜੀ ਵਾਹਨ 'ਤੇ ਹੋਏ ਅੱਤਵਾਦੀ ਹਮਲੇ 'ਚ 4 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਹਮਲਿਆਂ ਨੂੰ ਲੈ ਕੇ ਜੰਮੂ-ਕਸ਼ਮੀਰ ਪੁਲਸ ਲਗਾਤਾਰ ਅੱਤਵਾਦੀਆਂ ਦੀ ਮਦਦ ਕਰਨ ਵਾਲਿਆਂ ਨੂੰ ਲੱਭ ਰਹੀ ਸੀ। ਸ਼ੱਕ ਦੇ ਆਧਾਰ ’ਤੇ ਪੁਲਸ ਨੇ ਅੱਤਵਾਦੀਆਂ ਦੀ ਮਦਦ ਕਰਨ ਵਾਲੇ 50 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਆਖਿਕਾਰ ਅੱਤਵਾਦੀਆਂ ਦੀ ਮਦਦ ਕਰਨ ਵਾਲਿਆਂ ’ਚ ਮੁੱਖ ਮਾਸਟਰ ਮਾਈਂਡ ਸਮੇਤ ਉਸ ਦੇ ਨਾਲ ਸਹਿਯੋਗ ਕਰਨ ਵਾਲੇ ਕੁੱਲ 9 ਮਦਦਗਾਰਾਂ ਨੂੰ ਕਠੂਆ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ ਡੋਡਾ, ਊਧਮਪੁਰ ਅਤੇ ਕਠੂਆ ’ਚ ਅੱਤਵਾਦੀਆਂ ਦੀਆਂ ਵਧੀਆਂ ਗਤੀਵਿਧੀਆਂ ਦੀ ਪੁਲਸ ਲਗਾਤਾਰ ਜਾਂਚ ਕਰ ਰਹੀ ਸੀ। ਇਨ੍ਹਾਂ ਅੱਤਵਾਦੀਆਂ ਨੇ ਹਾਲ ਹੀ ’ਚ ਘੁਸਪੈਠ ਕੀਤੀ ਸੀ ਅਤੇ ਗੰਡੋਹ ’ਚ ਹੋਏ ਮੁਕਾਬਲੇ ’ਚ ਪੁਲਸ ਨੂੰ 3 ਅੱਤਵਾਦੀਆਂ ਨੂੰ ਮਾਰਨ ’ਚ ਸਫ਼ਲਤਾ ਮਿਲੀ ਸੀ।

ਅੱਤਵਾਦੀਆਂ ਨੂੰ ਮਦਦ ਪਹੁੰਚਾਉਣ ਲਈ ਮਦਦਗਾਰਾਂ ਦਾ ਇਕ ਮਾਡਿਊਲ ਲਗਾਤਾਰ ਕੰਮ ਕਰ ਰਿਹਾ ਸੀ, ਜੋ ਅੱਤਵਾਦੀਆਂ ਲਈ ਰਿਹਾਇਸ਼, ਭੋਜਨ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕਰ ਰਿਹਾ ਸੀ। ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਮਾਸਟਰ ਮਾਈਂਡ, ਜੋ ਅੱਤਵਾਦੀਆਂ ਨੂੰ ਮਦਦ ਮੁਹੱਈਆ ਕਰ ਰਿਹਾ ਸੀ, ਦੀ ਪਛਾਣ ਮੁਹੰਮਦ ਲਤੀਫ ਉਰਫ਼ ਹਾਜੀ ਲਤੀਫ ਪੁੱਤਰ ਮਰਹੂਮ ਮੀਰ ਵਾਸੀ ਅਮਬੇ ਨਾਲ, ਜ਼ਿਲ੍ਹਾ ਕਠੂਆ ਵਜੋਂ ਹੋਈ। ਇਸ ਦੇ ਨਾਲ ਹੀ ਅੱਤਵਾਦੀਆਂ ਨੂੰ ਮਦਦ ਪ੍ਰਦਾਨ ਕਰਨ ਵਾਲੇ 8 ਹੋਰ ਲੋਕਾਂ ਦੀ ਵੀ ਪਛਾਣ ਕੀਤੀ ਗਈ ਹੈ। ਇਸ ਮਾਸਟਰ ਮਾਈਂਡ ਨੇ ਓਵਰ ਗਰਾਊਂਡ ਵਰਕਰਾਂ ਦਾ ਨੈੱਟਵਰਕ ਬਣਾਇਆ ਹੋਇਆ ਸੀ ਅਤੇ ਇਹੋ ਗਾਈਡ ਅਤੇ ਹੋਰ ਸਹੂਲਤਾਂ ਅੱਤਵਾਦੀਆਂ ਨੂੰ ਇਲਾਕੇ ’ਚ ਮੁਹੱਈਆ ਕਰਵਾ ਰਿਹਾ ਸੀ। ਇਸੇ ਨੇ ਦੂਜਿਆਂ ਨੂੰ ਗਾਈਡ ਵਜੋਂ ਇਸਤੇਮਾਲ ਕੀਤਾ ਜਿਨ੍ਹਾਂ ਨੇ ਖਾਣ-ਪੀਣ ਅਤੇ ਰਿਹਾਇਸ ਦਾ ਪ੍ਰਬੰਧ ਕੀਤਾ ਤਾਂ ਜੋ ਕਿਸੇ ਦੀ ਨਜ਼ਰ ਵਿਚ ਅੱਤਵਾਦੀ ਨਾ ਆਉਣ।

ਪੁਲਸ ਨੇ ਜਿਨ੍ਹਾਂ 8 ਮਦਦਗਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਵਿਚ ਅਖ਼ਤਰ ਅਲੀ ਪੁੱਤਰ ਸਵਰਗੀ ਰਾਸ਼ਿਦ ਵਾਸੀ ਅਮਬੇ ਨਾਲ ਜ਼ਿਲਾ ਕਠੂਆ, ਸੱਦਮ ਪੁੱਤਰ ਮਰਹੂਮ ਬਾਜਾ ਵਾਸੀ ਭੱਡੂ ਬਿਲਾਵਰ ਜ਼ਿਲਾ ਕਠੂਆ, ਕੁਸ਼ਾਲ ਪੁੱਤਰ ਮਰਹੂਮ ਬਾਜਾ ਨਿਵਾਸੀ ਭੱਡੂ-ਬਿਲਾਵਰ ਕਠੂਆ, ਨੂਰਾਨੀ ਪੁੱਤਰ ਸਵਰਗੀ ਮੀਰ ਵਾਸੀ ਜੁਠਾਨਾ, ਰਾਜਬਾਗ ਕਠੂਆ, ਮਕਬੂਲ ਪੁੱਤਰ ਮੁਹੰਮਦ ਲਤੀਫ ਵਾਸੀ ਸੋਫੀਆਂ ਜ਼ਿਲਾ ਕਠੂਆ, ਲਿਆਕਤ ਪੁੱਤਰ ਹਾਜੀ ਤਤੀਫ, ਕਾਸਿਮ ਦੀਨ ਪੁੱਤਰ ਸ਼ਾਹੀਨ ਦੀਨ ਅਤੇ ਖਾਦਿਮ ਉਰਫ ਕਾਜ਼ੀ ਪੁੱਤਰ ਮਰਹੂਮ ਬਾਜਾ ਵਾਸੀ ਕਟੱਲ, ਭੱਡੂ ਬਿਲਾਵਰ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਗਰਮੀਆਂ ’ਚ ਪਹਾੜਾਂ ’ਤੇ ਆਪਣੇ ਪਸ਼ੂ ਚਰਾਉਣ ਗਏ 50 ਨਾਗਰਿਕਾਂ ਤੋਂ ਪੁੱਛ-ਪੜਤਾਲ ਕੀਤੀ ਗਈ, ਜਿਨ੍ਹਾਂ ਨੇ ਵਿਦੇਸ਼ੀ ਅੱਤਵਾਦੀਆਂ ਨੂੰ ਖਾਣਾ, ਰਹਿਣ ਦੀ ਸਹੂਲਤ ਅਤੇ ਹੋਰ ਸੂਚਨਾ ਮੁਹੱਈਆ ਕਰਵਾਈ। ਉਨ੍ਹਾਂ ’ਚੋਂ ਕੁਝ ਨੇ ਪੁਲਸ ਦਾ ਸਾਥ ਦਿੱਤਾ ਅਤੇ ਦੱਸਿਆ ਕਿ ਅੱਤਵਾਦੀਆਂ ਨੇ ਉਨ੍ਹਾਂ ਨੂੰ ਪੈਸੇ ਦਿੱਤੇ ਸਨ। ਜਿਨ੍ਹਾਂ ਨਾਗਰਿਕਾਂ ਨੇ ਪੁਲਸ ਜਾਂਚ ਵਿਚ ਸਹਿਯੋਗ ਕੀਤਾ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦੋਂ ਕਿ ਅੱਤਵਾਦੀਆਂ ਨਾਲ ਸਬੰਧ ਪਾਏ ਜਾਣ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News