ਭਾਰਤ ਦੌਰੇ ''ਤੇ ਆਈ ਨਿੱਕੀ ਹੈਲੀ ਨੇ ਕਿਹਾ- ''ਹਰ ਬੱਚੇ ਦੀ ਸੁਰੱਖਿਆ ਸਾਡੀ ਸਮੂਹਿਕ ਜ਼ਿੰਮੇਵਾਰੀ''

Wednesday, Jun 27, 2018 - 04:20 PM (IST)

ਭਾਰਤ ਦੌਰੇ ''ਤੇ ਆਈ ਨਿੱਕੀ ਹੈਲੀ ਨੇ ਕਿਹਾ- ''ਹਰ ਬੱਚੇ ਦੀ ਸੁਰੱਖਿਆ ਸਾਡੀ ਸਮੂਹਿਕ ਜ਼ਿੰਮੇਵਾਰੀ''

ਨਵੀਂ ਦਿੱਲੀ, (ਭਾਸ਼ਾ)— ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਭਾਰਤ ਦੌਰੇ 'ਤੇ ਆਈ ਹੋਈ ਹੈ। ਨਿੱਕੀ ਹੈਲੀ ਨੇ ਬੁੱਧਵਾਰ ਨੂੰ ਇੱਥੇ ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਹਰ ਬੱਚੇ ਦੀ ਸੁਰੱਖਿਆ ਯਕੀਨੀ ਕਰਨਾ ਸਾਡੀ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਭਾਰਤ ਦੇ 3 ਦਿਨਾਂ ਦੌਰੇ 'ਤੇ ਆਈ ਨਿੱਕੀ ਨੇ ਦਿੱਲੀ ਦੇ ਬੁਰਾੜੀ ਇਲਾਕੇ ਵਿਚ ਸੱਤਿਆਰਥੀ ਵਲੋਂ ਸਥਾਪਤ ਬਾਲ ਮੁੜਵਸੇਬਾ ਕੇਂਦਰ 'ਮੁਕਤੀ ਆਸ਼ਰਮ' ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਨਿੱਕੀ ਨੇ ਕਿਹਾ, ''ਮੈਂ ਮੁਕਤੀ ਆਸ਼ਰਮ ਵਿਚ ਆ ਕੇ ਸਨਮਾਨਤ ਅਤੇ ਮਾਣ ਮਹਿਸੂਸ ਕਰ ਰਹੀ ਹਾਂ।

PunjabKesari

ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਕਿ ਦੁਨੀਆ ਦਾ ਹਰ ਬੱਚਾ ਸੁਰੱਖਿਅਤ ਹੋਵੇ ਅਤੇ ਉਸ ਨੂੰ ਉਹ ਹਰ ਮੌਕਾ ਮਿਲ ਸਕੇ, ਜਿਸ ਨਾਲ ਉਸ ਦੀ ਜ਼ਿੰਦਗੀ ਖੁਸ਼ਹਾਲ ਬਣ ਸਕੇ।'' ਉਨ੍ਹਾਂ ਕਿਹਾ ਕਿ ਮੈਂ ਬੱਚਿਆਂ ਦੀ ਤਸਕਰੀ ਨੂੰ ਖਤਮ ਕਰਨ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦੀ ਹਾਂ।

PunjabKesari
ਨਿੱਕੀ ਨੇ ਸੱਤਿਆਰਥੀ ਨਾਲ ਬੱਚਿਆਂ ਦੇ ਅਧਿਕਾਰ ਤੇ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ 'ਤੇ ਚਰਚਾ ਕੀਤੀ। ਸੱਤਿਆਰਥੀ ਨੇ ਇਸ ਮੌਕੇ 'ਤੇ ਨਿੱਕੀ ਹੈਲੀ ਨੂੰ ਕਿਹਾ ਕਿ ਮੌਜੂਦਾ ਦੌਰ ਵਿਚ ਬੱਚਿਆਂ ਵਿਰੁੱਧ ਵਧਦਾ ਅਪਰਾਧ ਮਨੁੱਖਤਾ ਲਈ ਇਕ ਵੱਡਾ ਸੰਕਟ ਹੈ। ਉਨ੍ਹਾਂ ਨੇ ਨਿੱਕੀ ਨੂੰ ਇਹ ਵੀ ਅਪੀਲ ਕੀਤੀ ਕਿ ਬੱਚਿਆਂ ਦੀ ਸੁਰੱਖਿਆ 'ਤੇ ਵਧਦੇ ਖਤਰੇ ਦੇ ਮੱਦੇਨਜ਼ਰ ਇਸ ਦੇ ਪ੍ਰਭਾਵੀ ਰੋਕਥਾਮ ਲਈ ਸੰਯੁਕਤ ਰਾਸ਼ਟਰ ਤਹਿਤ ਇਕ ਕੌਮਾਂਤਰੀ ਤੰਤਰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਸੱਤਿਆਰਥੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਹਨ। ਇਸ ਲਈ ਦੋਹਾਂ ਦੇਸ਼ਾਂ ਨੂੰ ਬੱਚਿਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਸਮੂਹਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।


Related News