ਨਿਕਿਤਾ ਕਤਲਕਾਂਡ: ਦੋਸ਼ੀਆਂ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਹੀ ਜੱਜ ਦਾ ਤਬਾਦਲਾ
Friday, Mar 26, 2021 - 12:25 PM (IST)
ਫਰੀਦਾਬਾਦ– ਫਰੀਦਾਬਾਦ ਦੇ ਬਹੁਚਰਚਿਤ ਨਿਕਿਤਾ ਤੋਮਰ ਨਿਕਿਤਾ ਕਤਲਕਾਂਡ ਦੇ 2 ਦੋਸ਼ੀਆਂ ਤੌਸੀਫ ਅਤੇ ਰੇਹਾਨ ਨੂੰ ਫਾਸਟ ਟ੍ਰੈਕ ਕੋਰਟ ’ਚ ਸ਼ੁੱਕਰਵਾਰ ਯਾਨੀ ਅੱਜ ਸਜ਼ਾ ਸੁਣਾਈ ਜਾਵੇਗੀ। ਜਿਸ ਲਈ ਦੋਵਾਂ ਦੋਸ਼ੀਆਂ ਨੂੰ ਅਦਾਲਤ ’ਚ ਲਿਜਾਇਆ ਗਿਆ ਹੈ। ਦੋਸ਼ੀ ਤੌਸੀਫ ਅਤੇ ਰੇਹਾਨ ਨੂੰ ਅਦਾਲਤ ਦੇ ਕਸਟਡੀ ਰੂਮ ’ਚ ਰੱਖਿਆ ਗਿਆ ਹੈ। ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਬੀਤੇ ਬੁੱਧਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਦੋਸ਼ੀਆਂ ਨੂੰ ਸਜ਼ਾ ਸੁਣਵਾਉਣ ਵਾਲੇ ਜੱਜ ਦੀ ਬਦਲੀ ਫਰੀਦਾਬਾਦ ਤੋਂ ਰੇਵਾੜੀ ਕਰ ਦਿੱਤੀ ਹੈ। ਸਜ਼ਾ ਸੁਣਾਏ ਜਾਣ ਤੋਂ ਸਿਰਫ 18 ਘੰਟੇ ਪਹਿਲਾਂ ਜੱਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ। 24 ਮਾਰਚ ਨੂੰ ਤੌਸੀਫ ਅਤੇ ਰੇਹਾਨ ਨੂੰ ਨਿਕਿਤਾ ਕਤਨਕਾਂਡ ’ਚ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਦੋਵਾਂ ਨੂੰ ਕਤਲ ਤੋਂ 151 ਦਿਨਾਂ ਬਾਅਦ ਸ਼ੁੱਕਰਵਾਰ ਯਾਨੀ 26 ਮਾਰਚ ਨੂੰ ਸਜ਼ਾ ਸੁਣਾਈ ਜਾਣੀ ਹੈ। ਅੱਜ ਦੁਪਹਿਰ ਤੋਂ ਬਾਅਦ 3:30 ਵਜੇ ਸਜ਼ਾ ਨੂੰ ਲੈ ਕੇ ਫੈਸਲਾ ਸੁਣਾਇਆ ਜਾਵੇਗਾ। ਜੱਜ ਦੇ ਤਬਾਦਲੇ ਤੋਂ ਬਾਅਦ ਹੁਣ ਇਸ ਬਾਰੇ ਭੰਬਲਭੂਸਾ ਹੈ ਕਿ ਕੀ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਜਾਵੇਗਾ?
ਇਹ ਵੀ ਪੜ੍ਹੋ– ਨਿਕਿਤਾ ਕਤਲਕਾਂਡ: ਅਦਾਲਤ ਨੇ 2 ਨੂੰ ਦੋਸ਼ੀ ਠਹਿਰਾਇਆ, 26 ਮਾਰਚ ਨੂੰ ਤੈਅ ਹੋਵੇਗੀ ਸਜ਼ਾ
ਜ਼ਿਕਰਯੋਗ ਹੈ ਕਿ ਤੋਮਰ ਕਤਲ ਕੇਸ ਵਿੱਚ 12 ਮਿੰਟਾਂ ’ਚ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਮੁਲਜ਼ਮ ਤੌਸੀਫ, ਰੇਹਾਨ ਅਤੇ ਅਜ਼ਹਰੂਦੀਨ ਨੂੰ ਸ਼ਾਮ ਚਾਰ ਵਜੇ ਫਾਸਟ ਟਰੈਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬੁੱਧਵਾਰ ਨੂੰ ਸੁਣਵਾਈ ਸਾਰੇ ਮਾਮਲਿਆਂ ’ਚ ਇਹ ਆਖਰੀ ਕੇਸ ਸੀ। ਸਭ ਤੋਂ ਪਹਿਲਾਂ ਮੁਲਜ਼ਮ ਨੂੰ ਗੰਨ ਮੁਹੱਈਆ ਕਰਵਾਉਣ ਵਾਲੇ ਅਜ਼ਹਰੂਦੀਨ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸਦੇ ਨਾਲ ਹੀ ਸੀ.ਆਰ.ਪੀ.ਸੀ. ਦੀ ਧਾਰਾ 346 ਦੇ ਤਹਿਤ ਜ਼ਮਾਨਤ ਬਾਂਡ ਭਰਵਾਇਆ ਗਿਆ ਸੀ।
ਮਹੱਤਵਪੂਰਣ ਗੱਲ ਇਹ ਹੈ ਕਿ ਨਿਕਿਤਾ ਤੋਮਰ ਬੀਕਾਮ ਫਾਈਨਲ ਈਅਰ ਦੀ ਵਿਦਿਆਰਣ ਸੀ। 26 ਅਕਤੂਬਰ ਨੂੰ ਜਦੋਂ ਨਿਕਿਤਾ ਆਪਣੀ ਅੰਤਿਮ ਪ੍ਰੀਖਿਆ ਦੇਣ ਤੋਂ ਬਾਅਦ ਬੱਲਬਗੜ੍ਹ ਦੇ ਅਗਰਵਾਲ ਕਾਲਜ ’ਚੋਂ ਬਾਹਰ ਆ ਰਹੀ ਸੀ, ਉਸ ਨੂੰ ਇਕ ਆਈ -10 ਕਾਰ ’ਚ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਨਿਕਿਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ’ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਸਾਰੀ ਘਟਨਾ ਕਾਲਜ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਪੁਲਿਸ ਨੇ ਜਾਂਚ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ’ਚੋਂ ਤੌਸੀਫ, ਰੇਹਾਨ ਅਤੇ ਅਜ਼ਹਰੂਦੀਨ ਸ਼ਾਮਲ ਹਨ। ਇਸ ਕੇਸ ਵਿਚ ਤਕਰੀਬਨ 55 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ।