ਹੱਥਾਂ ਨਾਲ ਨਹੀਂ ਆਪਣੇ ਹੌਸਲੇ ਨਾਲ ਪਾਈ ਵੋਟ, ਹਰ ਕੋਈ ਕਰ ਰਿਹੈ ਸਲਾਮ
Monday, May 06, 2019 - 06:20 PM (IST)

ਨਰਸਿੰਘਪੁਰ— ਸੋਮਵਾਰ ਭਾਵ ਅੱਜ 7 ਸੂਬਿਆਂ ਦੀਆਂ 51 ਸੀਟਾਂ 'ਤੇ ਵੋਟਾਂ ਪਈਆਂ। ਮੱਧ ਪ੍ਰਦੇਸ਼ ਵੀ ਇਨ੍ਹਾਂ ਸੂਬਿਆਂ 'ਚ ਸ਼ਾਮਲ ਰਿਹਾ, ਜਿੱਥੇ 7 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਈ। ਵੋਟਿੰਗ ਦੌਰਾਨ ਇਕ ਵੋਟਰ ਅਜਿਹੀ ਵੀ ਸੀ, ਜਿਸ ਨੇ ਆਪਣੇ ਹੱਥਾਂ ਨਾਲ ਨਹੀਂ ਹੌਸਲੇ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਜਨਮ ਤੋਂ ਹੀ ਦੋਵਾਂ ਹੱਥਾਂ ਤੋਂ ਦਿਵਿਆਂਗ ਕਰੇਲੀ ਬਲਾਕ ਦੇ ਹਰਦ ਪਿੰਡ ਵਾਸੀ 25 ਸਾਲਾ ਨਿਧੀ ਗੁਪਤਾ ਨੇ ਪਿੰਡ ਦੇ ਬੂਥ 'ਤੇ ਜਾ ਕੇ ਵੋਟ ਪਾਈ।
ਨਿਧੀ ਨੇ ਵੋਟਿੰਗ ਤੋਂ ਬਾਅਦ ਸਾਰੀ ਕਾਰਵਾਈ ਪੈਰਾਂ ਸਹਾਰੇ ਪੂਰੀ ਕੀਤੀ, ਪੈਰ ਦੇ ਅੰਗੂਠੇ 'ਤੇ ਵੋਟ ਦੀ ਸਿਆਹੀ ਲਗਵਾਈ ਅਤੇ ਫਿਰ ਪੈਰ ਨਾਲ ਈ. ਵੀ. ਐੱਮ ਦਾ ਬਟਨ ਦੱਬ ਕੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਾਈ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਦਿਵਿਆਂਗ ਨਿਧੀ ਦੇ ਦੋਵੇਂ ਹੱਥ ਨਹੀਂ ਹਨ ਤੇ ਪੈਰ ਦੇ ਸਹਾਰੇ ਹੀ ਆਪਣੇ ਸਾਰੇ ਕੰਮ ਕਰਦੀ ਹੈ।ਨਿਧੀ ਨੇ ਹੱਥ ਨਾ ਹੋਣ ਦੇ ਬਾਵਜੂਦ ਪੈਰਾਂ ਨਾਲ ਵੋਟ ਪਾ ਕੇ ਇਹ ਦੱਸ ਦਿੱਤਾ ਕਿ ਸਾਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਹ ਸਾਡਾ ਸਾਰਿਆਂ ਦਾ ਪਹਿਲਾਂ ਫਰਜ਼ ਹੈ। ਨਿਧੀ ਦੇ ਇਸ ਹੌਸਲੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ।