ਸਾਲ 2023 ਦੌਰਾਨ NIA ਰਹੀ ਐਕਸ਼ਨ ''ਚ, 65 ISIS ਤੇ 114 ਜਿਹਾਦੀਆਂ ਸਣੇ ਕੀਤੀਆਂ ਕੁੱਲ 625 ਗ੍ਰਿਫ਼ਤਾਰੀਆਂ

Sunday, Dec 31, 2023 - 07:45 PM (IST)

ਸਾਲ 2023 ਦੌਰਾਨ NIA ਰਹੀ ਐਕਸ਼ਨ ''ਚ, 65 ISIS ਤੇ 114 ਜਿਹਾਦੀਆਂ ਸਣੇ ਕੀਤੀਆਂ ਕੁੱਲ 625 ਗ੍ਰਿਫ਼ਤਾਰੀਆਂ

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸਾਲ 2023 ਦੌਰਾਨ ਅੱਤਵਾਦੀਆਂ, ਗੈਂਗਸਟਰਾਂ, ਡਰੱਗ ਸਮੱਗਲਰਾਂ, ਮਨੁੱਖੀ ਸਮੱਗਲਰਾਂ ਅਤੇ ਰਾਸ਼ਟਰੀ ਹਿੱਤਾਂ ਖਿਲਾਫ਼ ਕੰਮ ਕਰਨ ਵਾਲੇ ਹੋਰ ਅਪਰਾਧੀਆਂ ਖਿਲਾਫ਼ ਤਾਬੜਤੋੜ ਐਕਸ਼ਨ ਲਿਆ। ਇਸ ਸਾਲ ਐੱਨ.ਆਈ.ਏ. ਨੇ ਪਿਛਲੇ ਸਾਲ ਦੇ ਮੁਕਾਬਲੇ ਪੂਰੇ ਦੇਸ਼ ’ਚ ਆਪਣੀਆਂ ਕਾਰਵਾਈਆਂ ਨੂੰ ਕਈ ਗੁਣਾ ਵਧਾ ਦਿੱਤਾ। 

ਸਾਲ 2022 ’ਚ ਗ੍ਰਿਫ਼ਤਾਰ ਕੀਤੇ ਗਏ 490 ਮੁਲਜ਼ਮਾਂ ਦੇ ਮੁਕਾਬਲੇ ਇਸ ਸਾਲ ਐੱਨ.ਆਈ.ਏ. ਵੱਲੋਂ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 625 ਸੀ, ਜੋ ਪਿਛਲੇ ਸਾਲ ਨਾਲੋਂ ਕਰੀਬ 28 ਫੀਸਦੀ ਵੱਧ ਹੈ। ਇਨ੍ਹਾਂ ’ਚ ਆਈ.ਐੱਸ.ਆਈ.ਐੱਸ. ਦੇ ਮਾਮਲਿਆਂ ’ਚ ਗ੍ਰਿਫ਼ਤਾਰ 65 ਮੁਲਜ਼ਮ, ਜਿਹਾਦੀ ਅੱਤਵਾਦੀ ਮਾਮਲਿਆਂ ’ਚ ਗ੍ਰਿਫ਼ਤਾਰ 114 ਮੁਲਜ਼ਮ, ਮਨੁੱਖੀ ਸਮੱਗਲਿੰਗ ਦੇ ਮਾਮਲਿਆਂ ’ਚ 45 ਮੁਲਜ਼ਮ, ਅੱਤਵਾਦੀ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਦੇ 28 ਮੁਲਜ਼ਮ ਅਤੇ ਖੱਬੇਪੱਖੀ ਅੱਤਵਾਦ (ਐੱਲ.ਡਬਲਯੂ.ਈ.) ਮਾਮਲਿਆਂ ਦੇ 76 ਮੁਲਜ਼ਮ ਸ਼ਾਮਲ ਹਨ। ਐੱਨ.ਆਈ.ਏ. ਵੱਲੋਂ ਗ੍ਰਿਫ਼ਤਾਰ ਮਾਮਲਿਆਂ ’ਚ ਸਜ਼ਾ ਦੀ ਦਰ 94.70 ਫੀਸਦੀ ਰਹੀ ਅਤੇ ਮੁਲਜ਼ਮਾਂ ਤੋਂ 56 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ। ਸਾਲ ਦੌਰਾਨ ਐੱਨ.ਆਈ.ਏ. ਲਈ ਸਭ ਤੋਂ ਮਹੱਤਵਪੂਰਨ ਸਫਲਤਾਵਾਂ ਆਈ.ਐੱਸ.ਆਈ.ਐੱਸ., ਕਸ਼ਮੀਰੀ ਅਤੇ ਹੋਰ ਜਿਹਾਦੀਆਂ ਦੇ ਨਾਲ-ਨਾਲ ਦੇਸ਼ ’ਚ ਸਰਗਰਮ ਵਧਦੇ ਅੱਤਵਾਦੀ-ਗੈਂਗਸਟਰ ਗੱਠਜੋੜ ਅਤੇ ਨੈੱਟਵਰਕ ਖਿਲਾਫ਼ ਸਨ।

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ

ਅੱਤਵਾਦੀਆਂ ਅਤੇ ਸੰਗਠਿਤ ਅਪਰਾਧਿਕ ਸਮੂਹਾਂ ਦੀਆਂ ਇਹ ਸਾਰੀਆਂ ਸ਼੍ਰੇਣੀਆਂ ਪਿਛਲੇ ਕੁਝ ਸਾਲਾਂ ਤੋਂ ਐੱਨ.ਆਈ.ਏ. ਦੇ ਰਾਡਾਰ ’ਤੇ ਹਨ ਅਤੇ ਅੱਤਵਾਦ ਵਿਰੋਧੀ ਏਜੰਸੀ ਨੇ 2023 ਦੌਰਾਨ ਇਨ੍ਹਾਂ ਅੱਤਵਾਦੀ ਸਮੂਹਾਂ ਲਈ ਕੰਮ ਕਰਨ ਵਾਲੇ ਏਜੰਟਾਂ ਅਤੇ ਗੁਰਗਿਆਂ ’ਤੇ ਹਮਲਾਵਰ ਤਰੀਕੇ ਨਾਲ ਕਾਰਵਾਈ ਕੀਤੀ। ਐੱਨ.ਆਈ.ਏ. ਨੇ 2023 ’ਚ ਕੁੱਲ 68 ਕੇਸ ਦਰਜ ਕੀਤੇ, ਜਿਨ੍ਹਾਂ ’ਚ ਅੱਤਵਾਦ ਨਾਲ ਸਬੰਧਿਤ ਕਈ ਘਟਨਾਵਾਂ ਸ਼ਾਮਲ ਸਨ। ਇਨ੍ਹਾਂ ’ਚ ਕਈ ਸੂਬਿਆਂ ’ਚ 18 ਜਿਹਾਦੀ ਅੱਤਵਾਦੀ ਮਾਮਲੇ, ਜੰਮੂ-ਕਸ਼ਮੀਰ ਤੋਂ 03 ਮਾਮਲੇ, ਖੱਬੇਪੱਖੀ ਅੱਤਵਾਦ ਦੇ 12 ਮਾਮਲੇ, ਪੰਜਾਬ ’ਚ ਅੱਤਵਾਦੀ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਿਤ 07 ਮਾਮਲੇ, ਉੱਤਰ-ਪੂਰਬ ਤੋਂ 05 ਮਾਮਲੇ ਅਤੇ ਨਕਲੀ ਭਾਰਤੀ ਕਰੰਸੀ ਨੋਟਾਂ (ਐੱਫ.ਆਈ.ਸੀ.ਐੱਨ.) ਨਾਲ ਸਬੰਧਿਤ 02 ਮਾਮਲੇ ਸ਼ਾਮਲ ਹਨ।

94.70 ਫੀਸਦੀ ਮਾਮਲਿਆਂ ’ਚ ਸਜ਼ਾ ਦਿਵਾਉਣ ’ਚ ਕਾਮਯਾਬ ਰਹੀ ਐੱਨ.ਆਈ.ਏ.
ਚਾਰਜਸ਼ੀਟ ਦਾਖਲ ਅਤੇ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਦੀ ਗਿਣਤੀ ਕ੍ਰਮਵਾਰ 513 ਅਤੇ 74 ਸੀ, ਜਦੋਂ ਕਿ 2022 ’ਚ ਇਹ 459 ਅਤੇ 79 ਸੀ। 2023 ਦੌਰਾਨ ਦੋਸ਼ੀ ਠਹਿਰਾਏ ਗਏ 74 ਦੋਸ਼ੀਆਂ ਨੂੰ ਸਜ਼ਾ ਦੇ ਰੂਪ ’ਚ ‘ਸਖ਼ਤ ਕੈਦ’ ਅਤੇ ‘ਜੁਰਮਾਨੇ’ ਦੀਆਂ ਵੱਖ-ਵੱਖ ਡਿਗਰੀਆਂ ਦੀ ਸਜ਼ਾ ਸੁਣਾਈ ਗਈ। ਏਜੰਸੀ ਨੇ ਆਪਣੀ ਜਾਂਚ ਅਤੇ ਮੁਕੱਦਮੇ ਦੀ ਮੁਹਾਰਤ, ਪ੍ਰਭਾਵਸ਼ੀਲਤਾ ਅਤੇ ਹੁਨਰ ਨੂੰ ਦਰਸਾਉਂਦੇ ਹੋਏ 94.70 ਫੀਸਦੀ ਦੀ ਇਕ ਮਜ਼ਬੂਤ​ਸਜ਼ਾ ਦਰ ਨੂੰ ਕਾਇਮ ਰੱਖਿਆ ਹੈ। ਜਿੱਥੋਂ ਤੱਕ ਭਗੌੜਿਆਂ ਦੀ ਗੱਲ ਹੈ, ਐੱਨ.ਆਈ.ਏ. ਨੇ 2023 ’ਚ 47 ਮੁਲਜ਼ਮਾਂ ਨੂੰ ਟਰੇਸ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ’ਚ ਕਾਮਯਾਬ ਰਹੀ, ਜੋ ਪਿਛਲੇ ਸਾਲ ਦੀ ਤੁਲਲਾ ’ਚ 14 ਵੱਧ ਸੀ। ਇਸ ਸਬੰਧ ’ਚ ਸਭ ਤੋਂ ਵੱਡੀ ਸਫਲਤਾ ਅਟਾਰੀ ਸਰਹੱਦ ਤੋਂ ਹੈਰੋਇਨ ਜ਼ਬਤੀ ਮਾਮਲੇ ’ਚ ਇਕ ਮੁੱਖ ਭਗੌੜੇ ਦੀ ਗ੍ਰਿਫ਼ਤਾਰੀ ਨਾਲ ਮਿਲੀ, ਜਿਸ ’ਚ ਭਾਰਤ-ਪਾਕਿ ਸਰਹੱਦ ਰਾਹੀਂ ਅਫਗਾਨਿਸਤਾਨ ਤੋਂ 102 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਸ਼ਾਮਲ ਸੀ। ਅੰਮ੍ਰਿਤਪਾਲ ਸਿੰਘ ਉਰਫ ਅੰਮੀ, ਅਮਰੀਕ ਸਿੰਘ, ਮਨਪ੍ਰੀਤ ਸਿੰਘ ਉਰਫ਼ ਪੀਤਾ ਅਤੇ ਮਨਦੀਪ ਸਿੰਘ ਨੂੰ ਫਿਲਪੀਨਜ਼ ਤੋਂ ਡਿਪੋਰਟ ਕੀਤਾ ਗਿਆ ਸੀ। ਵਿਕਰਮ ਬਰਾੜ ਨੂੰ ਯੂ.ਏ.ਈ. ਤੋਂ ਡਿਪੋਰਟ ਹੋਣ ’ਤੇ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਅਸਾਮ 'ਚ ਹੋਵੇਗਾ ਅੱਤਵਾਦ ਦਾ ਖ਼ਾਤਮਾ! ULFA ਅਤੇ ਕੇਂਦਰ ਵਿਚਾਲੇ ਹੋਇਆ ਸ਼ਾਂਤੀ ਸਮਝੌਤਾ

ਸਾਲ 2023 ’ਚ ਐੱਨ.ਆਈ.ਏ. ਨੇ ਮਾਰੇ 1040 ਛਾਪੇ
ਐੱਨ.ਆਈ.ਏ. ਵੱਲੋਂ ਖੋਜਾਂ ਅਤੇ ਛਾਪਿਆਂ ਦੀ ਗਿਣਤੀ ’ਚ ਵੀ ਪਿਛਲੇ ਸਾਲ ਦੇ ਮੁਕਾਬਲੇ ਜ਼ਿਕਰਯੋਗ ਵਾਧਾ ਦਰਜ ਕੀਤਾ ਗਿਆ, ਜੋ 2022 ਵਿਚ 957 ਤੋਂ ਵਧ ਕੇ 2023 ’ਚ 1040 ਹੋ ਗਏ। ਭਾਰਤ ਭਰ ’ਚ ਹਿੰਸਕ ਜਿਹਾਦ ’ਤੇ ਕਾਰਵਾਈ 2023 ਦੌਰਾਨ ਐੱਨ.ਆਈ.ਏ. ਲਈ ਇਕ ਵੱਡੀ ਉਪਲੱਬਧੀ ਸਾਬਿਤ ਹੋਈ, ਜਿਸ ’ਚ ਦੇਸ਼ਵਿਆਪੀ ਛਾਪੇ ਅਤੇ ਤਲਾਸ਼ੀ ਰਾਹੀਂ ਪਾਬੰਦੀਸ਼ੁਦਾ ਗਲੋਬਲ ਆਈ.ਐੱਸ.ਆਈ.ਐੱਸ. ਦੇ ਕਈ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ। ਦਸੰਬਰ ’ਚ ਮਹਾਰਾਸ਼ਟਰ ਅਤੇ ਕਰਨਾਟਕ ’ਚ 44 ਥਾਵਾਂ ’ਤੇ ਛਾਪੇਮਾਰੀ ਤੋਂ ਬਾਅਦ ਕੁੱਲ 15 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਭਾਰੀ ਮਾਤਰਾ ’ਚ ਇਤਰਾਜ਼ਯੋਗ ਸਮੱਗਰੀ ਵੀ ਜ਼ਬਤ ਕੀਤੀ ਗਈ। 

ਇਸੇ ਤਰ੍ਹਾਂ ਦੀ ਕਾਰਵਾਈ ’ਚ 18 ਦਸੰਬਰ ਨੂੰ ਆਈ.ਐੱਸ.ਆਈ.ਐੱਸ. ਬਲਾਰੀ ਮਾਡਿਊਲ ਦੇ 8 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ’ਚ ਐੱਨ.ਆਈ.ਏ. ਨੂੰ ਦੇਸ਼ ਭਰ ’ਚ ਅੱਤਵਾਦੀ ਕਾਰਵਾਈਆਂ ਖਾਸ ਕਰਕੇ ਆਈ.ਈ.ਡੀ. ਧਮਾਕਿਆਂ ਦੀ ਇਕ ਲੜੀ ਨੂੰ ਅੰਜਾਮ ਦੇਣ ਲਈ ਪਾਬੰਦੀਸ਼ੁਦਾ ਗਲੋਬਲ ਅੱਤਵਾਦੀ ਸੰਗਠਨਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਨ ’ਚ ਮਦਦ ਮਿਲੀ। ਸਤੰਬਰ ’ਚ ਵੱਖ-ਵੱਖ ਮਾਮਲਿਆਂ ’ਚ ਜਬਲਪੁਰ ਅਤੇ ਭੋਪਾਲ ’ਚ ਅਜਿਹੇ ਕੱਟੜਪੰਥੀ ਆਈ.ਐੱਸ.ਆਈ.ਐੱਸ. ਅਤੇ ਐੱਚ.ਯੂ.ਟੀ. ਮਾਡਿਊਲ ਖਿਲਾਫ਼ ਕਾਰਵਾਈ ਵੀ ਕੀਤੀ ਗਈ ਸੀ। ਅੱਤਵਾਦੀ-ਗੈਂਗਸਟਰ ਗੱਠਜੋੜ ਨੂੰ ਖਤਮ ਕਰਨਾ ਐੱਨ.ਆਈ.ਏ. ਜਾਂਚ ਦੀ ਇਕ ਹੋਰ ਤਰਜੀਹ ਰਹੀ ਹੈ। ਇਸ ਨੈੱਟਵਰਕ ’ਤੇ ਆਪਣੀ ਕਾਰਵਾਈ ਤਹਿਤ ਐੱਨ.ਆਈ.ਏ. ਨੇ ਦੋ ਮਾਮਲੇ ਦਰਜ ਕੀਤੇ, 55 ਲੋਕਾਂ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ, 253 ਛਾਪੇ ਮਾਰੇ, 27 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ 2023 ’ਚ 18 ਜਾਇਦਾਦਾਂ ਕੁਰਕ ਕੀਤੀਆਂ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਏਜੰਸੀਆਂ ਨਾਲ ਲਗਾਤਾਰ ਤਾਲਮੇਲ ਦੇ ਨਤੀਜੇ ਵਜੋਂ ਵਿਦੇਸ਼ੀ ਨੋਡਸ ਖਿਲਾਫ ਕਾਰਵਾਈ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News