NIA ਨੇ ਯਾਸੀਨ ਮਲਿਕ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਅਪੀਲ

05/25/2022 2:45:21 PM

ਨਵੀਂ ਦਿੱਲੀ/ਜੰਮੂ ਕਸ਼ਮੀਰ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਅੱਤਵਾਦੀ ਫੰਡਿੰਗ ਮਾਮਲੇ 'ਚ ਮੌਤ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਅਦਾਲਤੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਮਲਿਕ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੇ ਤਹਿਤ ਆਪਣੇ ਖ਼ਿਲਾਫ਼ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ। ਏਜੰਸੀ ਨੇ ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਦੀ ਅਦਾਲਤ ਦੇ ਸਾਹਮਣੇ ਇਹ ਪ੍ਰਤੀਨਿਧਤਾ ਕੀਤੀ, ਜਦੋਂ ਕਿ ਮਲਿਕ ਦੀ ਸਹਾਇਤਾ ਲਈ ਅਦਾਲਤ ਦੁਆਰਾ ਨਿਯੁਕਤ ਨਿਆਂ ਮਿੱਤਰ ਨੇ ਉਸ ਨੂੰ ਕੇਸ ਵਿਚ ਘੱਟੋ-ਘੱਟ ਸਜ਼ਾ ਭਾਵ ਉਮਰ ਕੈਦ ਦੀ ਸਜ਼ਾ ਦੇਣ ਦੀ ਬੇਨਤੀ ਕੀਤੀ। ਇਸ ਦੌਰਾਨ ਮਲਿਕ ਨੇ ਜੱਜ ਨੂੰ ਕਿਹਾ ਕਿ ਉਹ ਆਪਣੀ ਸਜ਼ਾ ਦਾ ਫ਼ੈਸਲਾ ਅਦਾਲਤ 'ਤੇ ਛੱਡ ਰਿਹਾ ਹੈ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ, ਜਿਸ ਨੂੰ ਬਾਅਦ ਵਿਚ ਸੁਣਾਏ ਜਾਣ ਦੀ ਸੰਭਾਵਨਾ ਹੈ। ਅਦਾਲਤ ਨੇ 19 ਮਈ ਨੂੰ ਪਾਬੰਦੀਸ਼ੁਦਾ ਸੰਗਠਨ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (JKLF) ਦੇ ਮੁਖੀ ਯਾਸੀਨ ਮਲਿਕ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਤਹਿਤ ਦੋਸ਼ੀ ਠਹਿਰਾਇਆ ਸੀ। ਉਸ ਨੇ ਐੱਨ.ਆਈ.ਏ. ਅਧਿਕਾਰੀਆਂ ਨੂੰ ਮਲਿਕ ਦੀ ਵਿੱਤੀ ਸਥਿਤੀ ਦਾ ਮੁਲਾਂਕਣ ਕਰਨ ਲਈ ਉਸ 'ਤੇ ਜੁਰਮਾਨਾ ਲਗਾਉਣ ਦੇ ਨਿਰਦੇਸ਼ ਦਿੱਤੇ ਸਨ।

ਇਹ ਵੀ ਪੜ੍ਹੋ : ED ਦੀ ਪੁੱਛਗਿੱਛ ’ਚ ਭਾਣਜੇ ਨੇ ਕੀਤਾ ਖੁਲਾਸਾ, ਕਰਾਚੀ ’ਚ ਹੀ ਹੈ ਅੰਡਰਵਰਲਡ ਡੌਨ ਦਾਊਦ ਇਬਰਾਹਿਮ

ਮਲਿਕ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਆਪਣੇ 'ਤੇ ਲਗਾਏ ਗਏ ਦੋਸ਼ਾਂ ਦਾ ਵਿਰੋਧ ਨਹੀਂ ਕਰਦਾ। ਇਨ੍ਹਾਂ ਦੋਸ਼ਾਂ 'ਚ ਯੂ.ਏ.ਪੀ.ਏ. ਦੀ ਧਾਰਾ 16 (ਅੱਤਵਾਦੀ ਕਾਰਵਾਈਆਂ), 17 (ਅੱਤਵਾਦੀ ਕਾਰਵਾਈਆਂ ਲਈ ਫੰਡ ਇਕੱਠਾ ਕਰਨਾ), 18 (ਅੱਤਵਾਦੀ ਕਾਰਵਾਈ ਕਰਨ ਦੀ ਸਾਜ਼ਿਸ਼) ਅਤੇ 20 (ਅੱਤਵਾਦੀ ਗਿਰੋਹ ਜਾਂ ਸੰਗਠਨ ਦਾ ਮੈਂਬਰ ਹੋਣਾ) ਅਤੇ ਆਈ.ਪੀ.ਸੀ. 120-ਬੀ (ਅਪਰਾਧਿਕ ਸਾਜ਼ਿਸ਼) ਅਤੇ 124-ਏ (ਰਾਜਧ੍ਰੋਹ) ਸ਼ਾਮਲ ਹਨ। ਅਦਾਲਤ ਨੇ ਇਸ ਤੋਂ ਪਹਿਲਾਂ ਫਾਰੂਕ ਅਹਿਮਦ ਡਾਰ ਉਰਫ਼ ਬਿੱਟਾ ਕਰਾਟੇ, ਸ਼ਬੀਰ ਸ਼ਾਹ, ਮਸਰਤ ਆਲਮ, ਮੁਹੰਮਦ ਯੂਸਫ ਸ਼ਾਹ, ਆਫਤਾਬ ਅਹਿਮਦ ਸ਼ਾਹ, ਅਲਤਾਫ ਅਹਿਮਦ ਸ਼ਾਹ, ਨਈਮ ਖਾਨ, ਮੁਹੰਮਦ ਅਕਬਰ ਖਾਂਡੇ, ਰਾਜਾ ਮਹਿਰਾਜੂਦੀਨ ਕਲਵਲ, ਬਸ਼ੀਰ ਅਹਿਮਦ ਭੱਟ, ਜ਼ਹੂਰ ਅਹਿਮਦ ਸ਼ਾਹ ਵਟਾਲੀ, ਸ਼ਬੀਰ ਅਹਿਮਦ ਸ਼ਾਹ, ਅਬਦੁਲ ਰਸ਼ੀਦ ਸ਼ੇਖ ਅਤੇ ਨਵਲ ਕਿਸ਼ੋਰ ਕਪੂਰ ਸਮੇਤ ਕਸ਼ਮੀਰੀ ਵੱਖਵਾਦੀ ਨੇਤਾਵਾਂ ਵਿਰੁੱਧ ਰਸਮੀ ਤੌਰ 'ਤੇ ਦੋਸ਼ ਆਦਿ ਤੈਅ ਕੀਤੇ ਸਨ। ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਅਤੇ ਹਿਜ਼ਬੁਲ ਮੁਜਾਹੀਦੀਨ ਦੇ ਮੁਖੀ ਸਈਦ ਸਲਾਹੂਦੀਨ ਦੇ ਖ਼ਿਲਾਫ਼ ਵੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਜਿਨ੍ਹਾਂ ਨੂੰ ਇਸ ਮਾਮਲੇ ਵਿਚ ਭਗੌੜੇ ਅਪਰਾਧੀਆਂ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News