NIA ਕੋਰਟ ''ਚ ਪੇਸ਼ ਹੋਈ ਪ੍ਰਗਿਆ, ਕਿਹਾ- ਮਾਲੇਗਾਓਂ ਧਮਾਕੇ ਬਾਰੇ ਕੁਝ ਨਹੀਂ ਜਾਣਦੀ

06/07/2019 4:21:44 PM

ਮੁੰਬਈ— ਮਾਲੇਗਾਓਂ ਬੰਬ ਧਮਾਕਿਆਂ ਦੀ ਦੋਸ਼ੀ ਭੋਪਾਲ ਤੋਂ ਸੰਸਦ ਮੈਂਬਰ ਪ੍ਰਗਿਆ ਠਾਕੁਰ ਅੱਜ ਯਾਨੀ ਸ਼ੁੱਕਰਵਾਰ ਨੂੰ ਮੁੰਬਈ ਦੀ ਵਿਸ਼ੇਸ਼ ਐੱਨ.ਆਈ.ਏ. ਕੋਰਟ 'ਚ ਪੇਸ਼ ਹੋਈ। ਕੋਰਟ 'ਚ ਜੱਜ ਦੇ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਨੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਮਾਲੇਗਾਓਂ 'ਚ ਹੋਏ ਬੰਬ ਧਮਾਕਿਆਂ 'ਤੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਕੁਝ ਪਤਾ ਨਹੀਂ ਹੈ। ਕੋਰਟ ਨੇ ਪਿਛਲੇ ਹਫਤੇ ਹੀ ਧਮਾਕਿਆਂ ਦੇ ਸਾਰੇ ਦੋਸ਼ੀਆਂ ਨੂੰ ਹਫਤੇ 'ਚ ਘੱਟੋ-ਘੱਟ ਇਕ ਵਾਰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਵੀਰਵਾਰ ਨੂੰ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਪ੍ਰਗਿਆ ਕੋਰਟ 'ਚ ਪੇਸ਼ ਨਹੀਂ ਹੋਈ ਸੀ। ਸੁਣਵਾਈ ਦੌਰਾਨ ਵਿਸ਼ੇਸ਼ ਐੱਨ.ਆਈ.ਏ. ਜੱਜ ਨੇ ਪ੍ਰਗਿਆ ਠਾਕੁਰ ਤੋਂ ਪੁੱਛਿਆ ਕਿ ਹੁਣ ਤੱਕ ਜਿੰਨੇ ਵੀ ਗਵਾਹਾਂ ਤੋਂ ਪੁੱਛ-ਗਿੱਛ ਹੋਈ, ਉਨ੍ਹਾਂ ਤੋਂ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ 29 ਸਤੰਬਰ 2008 ਨੂੰ ਧਮਾਕਾ ਹੋਇਆ ਸੀ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਇਸ ਦੇ ਜਵਾਬ 'ਚ ਪ੍ਰਗਿਆ ਨੇ ਕਿਹਾ ਕਿ ਮੈਂ ਕੁਝ ਨਹੀਂ ਜਾਣਦੀ। ਕੋਰਟ 'ਚ ਜੱਜ ਨੇ ਜਦੋਂ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਤੋਂ ਪੁੱਛਿਆ ਕਿ ਕੀ ਤੁਹਾਨੂੰ ਪਤਾ ਹੈ ਜਾਂ ਤੁਹਾਡੇ ਵਕੀਲ ਨੇ ਤੁਹਾਨੂੰ ਸੂਚਨਾ ਦਿੱਤੀ ਹੈ ਕਿ ਹੁਣ ਤੱਕ ਕੁੱਲ ਕਿੰਨੇ ਗਵਾਹਾਂ ਤੋਂ ਪੁੱਛ-ਗਿੱਛ ਹੋ ਚੁਕੀ ਹੈ? ਇਸ 'ਤੇ ਉਨ੍ਹਾਂ ਨੇ ਫਿਰ ਕਿਹਾ,''ਮੈਨੂੰ ਕੁਝ ਨਹੀਂ ਪਤਾ।''

ਇਸ ਤੋਂ ਪਹਿਲਾਂ ਠਾਕੁਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਖਰਾਬ ਹੈ, ਇਸ ਲਈ ਉਹ ਕੋਰਟ 'ਚ ਪੇਸ਼ ਨਹੀਂ ਹੋ ਸਕਦੀ ਹੈ। ਖਰਾਬ ਸਿਹਤ ਕਾਰਨ ਕੋਰਟ 'ਚ ਪੇਸ਼ ਨਾ ਹੋਣ ਵਾਲੀ ਪ੍ਰਗਿਆ ਵੀਰਵਾਰ ਨੂੰ ਹੀ ਰਾਜਪੂਤ ਸਮਾਜ ਦੇ ਇਕ ਪ੍ਰੋਗਰਾਮ 'ਚ ਪਹੁੰਚੀ ਸੀ। ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਸੰਧਿਆ ਨੇ ਦੱਸਿਆ ਕਿ ਦੀਦੀ ਪ੍ਰਗਿਆ ਬੀਮਾਰ ਹਨ। ਉਨ੍ਹਾਂ ਨੂੰ ਬੁੱਧਵਾਰ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸੰਧਿਆ ਦੇ ਦਾਅਵੇ ਦੇ ਉਲਟ ਪ੍ਰਗਿਆ ਵੀਰਵਾਰ ਨੂੰ ਮਹਾਰਾਣਾ ਪ੍ਰਤਾਪ ਦੀ ਜਯੰਤੀ 'ਤੇ ਰਾਜਪੂਤ ਸਮਾਜ ਦੇ ਇਕ ਪ੍ਰੋਗਰਾਮ 'ਚ ਸ਼ਾਮਲ ਹੋਈ।

ਐੱਨ.ਆਈ.ਏ. ਕੋਰਟ ਨੇ ਧਮਾਕੇ ਦੇ ਸਾਰੇ ਦੋਸ਼ੀਆਂ ਨੂੰ ਹਫ਼ਤੇ 'ਚ ਘੱਟੋ-ਘੱਟ ਇਕ ਵਾਰ ਕੋਰਟ 'ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਪ੍ਰਗਿਆ ਫਿਲਹਾਲ ਸਿਹਤ ਕਾਰਨਾਂ ਕਰ ਕੇ ਜ਼ਮਾਨਤ 'ਤੇ ਬਾਹਰ ਹਨ। ਪ੍ਰਗਿਆ ਵਿਰੁੱਧ ਗੈਰ ਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ ਦੇ ਅਧੀਨ ਮੁਕੱਦਮਾ ਚੱਲ ਰਿਹਾ ਹੈ। ਅਪ੍ਰੈਲ 2017 'ਚ ਸਾਧਵੀ ਪ੍ਰਗਿਆ ਨੂੰ 9 ਸਾਲ ਕੈਦ ਦੇ ਰਹਿਣ ਤੋਂ ਬਾਅਦ ਸ਼ਰਤੀਆ ਜ਼ਮਾਨਤ ਦਿੱਤੀ ਗਈ ਸੀ। ਇਸ ਤੋਂ ਬਾਅਦ 30 ਅਕਤੂਬਰ 2018 ਨੂੰ ਕਰਨਲ ਪੁਰੋਹਿਤ, ਸਾਧਵੀ ਪ੍ਰਗਿਆ ਸਿੰਘ ਠਾਕੁਰ ਸਮੇਤ ਸਾਰੇ 7 'ਤੇ ਅੱਤਵਾਦੀ ਸਾਜਿਸ਼ ਅਤੇ ਕਤਲ ਦੇ ਦੋਸ਼ ਤੈਅ ਕੀਤੇ ਗਏ ਸਨ। ਪ੍ਰਗਿਆ ਨੇ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਦੇ ਟਿਕਟ 'ਤੇ ਚੋਣ ਲੜੀ ਅਤੇ ਜਿੱਤ ਕੇ ਸੰਸਦ ਮੈਂਬਰ ਬਣ ਗਈ। ਉਨ੍ਹਾਂ ਨੇ ਕਾਂਗਰਸ ਦੇ ਦਿੱਗਜ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ 3,64,822 ਵੋਟਾਂ ਦੇ ਅੰਤਰ ਨਾਲ ਹਰਾਇਆ।


DIsha

Content Editor

Related News