10 ਗ੍ਰਿਫਤਾਰ ਦੋਸ਼ੀ 12 ਦਿਨ ਦੀ ਐੱਨ.ਆਈ.ਏ. ਹਿਰਾਸਤ 'ਚ
Thursday, Dec 27, 2018 - 04:31 PM (IST)

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਆਈ.ਐੱਸ.ਆਈ.ਐੱਸ. ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 10 ਲੋਕਾਂ ਨੂੰ ਵੀਰਵਾਰ ਨੂੰ 12 ਦਿਨਾਂ ਦੀ ਐੱਨ.ਆਈ.ਏ. ਹਿਰਾਸਤ 'ਚ ਭੇਜ ਦਿੱਤਾ। ਐੱਨ.ਆਈ.ਏ. ਨੇ ਆਈ.ਐੱਸ.ਆਈ.ਐੱਸ. ਤੋਂ ਪ੍ਰੇਰਿਤ ਇਕ ਅੱਤਵਾਦੀ ਮੋਡੀਊਲ ਦੇ ਮੈਂਬਰ ਹੋਣ ਦੇ ਸ਼ੱਕ 'ਚ ਬੁੱਧਵਾਰ ਨੂੰ ਇਨ੍ਹਾਂ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਲੋਕਾਂ 'ਤੇ ਸਿਆਸੀ ਹਸਤੀਆਂ ਅਤੇ ਦਿੱਲੀ 'ਚ ਸਰਕਾਰੀ ਕਾਰੋਬਾਰਾਂ ਸਮੇਤ ਉੱਤਰੀ ਭਾਰਤ ਦੇ ਕਈ ਹੋਰ ਹਿੱਸਿਆਂ 'ਚ ਹਮਲੇ ਦੀ ਸਾਜਿਸ਼ ਰਚਣ ਦਾ ਦੋਸ਼ ਹੈ। ਇਨ੍ਹਾਂ ਦੋਸ਼ੀਆਂ ਨੂੰ ਸਖਤ ਸੁਰੱਖਿਆ ਦਰਮਿਆਨ ਅਤੇ ਢਕੇ ਹੋਏ ਚਿਹਰਿਆਂ ਨਾਲ ਸੈਸ਼ਨ ਜੱਜ ਅਜੇ ਪਾਂਡੇ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਸਟਿਸ ਨੇ ਮਾਮਲੇ 'ਚ ਬੰਦ ਕਮਰੇ 'ਚ ਸੁਣਵਾਈ ਦਾ ਆਦੇਸ਼ ਦਿੱਤਾ। ਐੱਨ.ਆਈ.ਏ. ਨੇ ਰਾਸ਼ਟਰੀ ਰਾਜਧਾਨੀ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਗ੍ਰਿਫਤਾਰ ਕੀਤੇ ਗਏ 10 ਦੋਸ਼ੀਆਂ ਨੂੰ ਪੁੱਛ-ਗਿੱਛ ਲਈ 15 ਦਿਨਾਂ ਦੀ ਹਿਰਾਸਤ 'ਚ ਦਿੱਤੇ ਜਾਣ ਦੀ ਅਪੀਲ ਕੀਤੀ ਸੀ। ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਮੁਫ਼ਤੀ ਮੁਹੰਮਦ ਸੁਹੈਲ ਉਰਫ ਹਜਰਤ (29), ਅਨਾਸ ਯੁਨੂਸ (24), ਰਾਸ਼ਿਦ ਜਫਰ ਰਕ ਉਰਫ ਜਫਰ (23), ਸਈਦ ਉਰਫ ਸਈਅਦ (28), ਸਈਅਦ ਦਾ ਭਰਾ ਰਈਸ ਅਹਿਮਦ, ਜੁਬੈਰ ਮਲਿਕ (20), ਜੁਬੈਰ ਦਾ ਭਰਾ ਜੈਦ (22), ਸਾਕਿਬ ਇਫਤੇਕਾਰ (26), ਮੁਹੰਮਦ ਇਰਸ਼ਾਦ ਅਤੇ ਮੁਹੰਮਦ ਆਜਮ (35) ਸ਼ਾਮਲ ਹਨ।