ਘੋੜਿਆਂ ''ਚ ਇਨਫੈਕਸ਼ਨ: ਬੈਨ ਹਟਿਆ, ਘੋੜੀ ਚੜ੍ਹ ਸਕਣਗੇ ਦਿੱਲੀ ਦੇ ਲਾੜੇ

Tuesday, Jan 23, 2018 - 05:55 PM (IST)

ਘੋੜਿਆਂ ''ਚ ਇਨਫੈਕਸ਼ਨ: ਬੈਨ ਹਟਿਆ, ਘੋੜੀ ਚੜ੍ਹ ਸਕਣਗੇ ਦਿੱਲੀ ਦੇ ਲਾੜੇ

ਨਵੀਂ ਦਿੱਲੀ— ਪਿਛਲੇ ਕੁਝ ਸਮੇਂ ਤੋਂ ਦਿੱਲੀ ਦੇ ਘੋੜਿਆਂ 'ਚ ਜਾਨਲੇਵਾ ਇਨਫੈਕਸ਼ਨ ਗਲੈਂਡਰਜ਼ ਪਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਗਈ ਸੀ। ਹੁਣ ਇਹ ਰੋਕ ਹਟਾ ਲਈ ਗਈ ਹੈ। ਨਾਲ ਹੀ ਇਨ੍ਹਾਂ ਦੇ ਇਸਤੇਮਾਲ ਦੇ ਸੰਬੰਧ 'ਚ ਸਾਵਧਾਨੀ ਵਰਤਣ ਦੀ ਵੀ ਗੱਲ ਕਹੀ ਗਈ ਹੈ ਮਤਲਬ ਹੁਣ ਲਾੜੇ ਧੂਮਧਾਮ ਨਾਲ ਘੋੜੀ ਚੜ੍ਹ ਸਕਦੇ ਹਨ, ਨਾਲ ਹੀ ਗਣਤੰਤਰ ਦਿਵਸ ਦੀ ਪਰੇਡ 'ਚ ਵੀ ਘੋੜੇ ਨਜ਼ਰ ਆਉਣਗੇ। ਉੱਥੇ ਹੀ ਦਿੱਲੀ 'ਚ ਬਾਹਰੋਂ ਘੋੜੇ ਲਿਆਉਣ 'ਤੇ ਪਾਬੰਦੀ ਕਾਇਮ ਹੈ।
ਦਿੱਲੀ ਪਸ਼ੂ ਪਾਲਣ ਵਿਭਾਗ ਦੇ ਨਿਰਦੇਸ਼ਕ ਡਾ. ਜਿਤੇਂਦਰ ਗੌੜ ਨੇ ਦੱਸਿਆ ਕਿ ਘੋੜਿਆ 'ਚ ਫੈਲਿਆ ਇਹ ਇਨਫੈਕਸ਼ਨ ਇਨਸਾਨਾਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ, ਇਸ ਲਈ ਇਸ ਦੀ ਵਰਤੋਂ 'ਤੇ ਬੈਨ ਲਗਾਇਆ ਗਿਆ ਸੀ। ਦਿੱਲੀ ਦੇ ਸਾਰੇ ਘੋੜਿਆਂ ਦੀ ਜਾਂਚ ਕੀਤੀ ਗਈ ਹੈ ਅਤੇ ਇਨ੍ਹਾਂ 'ਚੋਂ ਜਿਨ੍ਹਾਂ ਘੋੜਿਆਂ ਦੀ ਰਿਪੋਰਟ ਕੁਝ ਹੱਦ ਤੱਕ ਨੈਗੇਟਿਵ ਆਈ ਹੈ, ਸਿਰਫ ਉਨ੍ਹਾਂ ਨੂੰ ਹੀ ਸਾਵਧਾਨੀਪੂਰਵਕ ਇਸਤੇਮਾਲ ਕੀਤਾ ਜਾ ਸਕਦਾ ਹੈ। ਰੀਤੀ-ਰਿਵਾਜ਼ ਅਨੁਸਾਰ ਬਾਰਾਤ ਦੇ ਸਮੇਂ ਘੋੜੀ ਨੂੰ ਛੋਲੇ ਖੁਆਏ ਜਾਂਦੇ ਹਨ, ਜੋ ਜਾਨਲੇਵਾ ਸਾਬਤ ਹੋ ਸਕਦੇ ਹਨ। ਡਾਕਟਰ ਗੌੜ ਦਾ ਕਹਿਣਾ ਹੈ ਕਿ ਕੋਸ਼ਿਸ਼ ਕੀਤੀ ਜਾਵੇ ਕਿ ਉਸ ਸਮੇਂ ਕੋਈ ਵੀ ਆਪਣੇ ਹੱਥਾਂ ਨਾਲ ਘੋੜੀ ਨੂੰ ਛੋਲੇ ਨਾ ਖੁਆਏ। ਨਾਲ ਹੀ ਬਾਰਾਤ 'ਚ ਘੋੜੀ ਨੂੰ ਸੰਭਾਲਣ ਵਾਲਾ ਵਿਅਕਤੀ ਵੀ ਉਸ ਤੋਂ ਨਿਯਮਿਤ ਦੂਰੀ ਬਣਾਈ ਰੱਖੇ, ਨਹੀਂ ਤਾਂ ਇਹ ਖਤਰਨਾਕ ਹੋ ਸਕਦਾ ਹੈ। ਇਸ ਤੋਂ ਇਲਾਵਾ ਘੋੜੇ ਦੇ ਨੱਕ-ਮੂੰਹ 'ਚੋਂ ਨਿਕਲਣ ਵਾਲੇ ਲਾਰ ਦੇ ਸੰਪਰਕ 'ਚ ਨਾ ਆਉਣ ਅਤੇ ਉਸ ਨੂੰ ਛੂਹ ਲੈਣ 'ਤੇ ਚੰਗੀ ਤਰ੍ਹਾਂ ਨਾਲ ਹੱਥ ਧੋਣ।
ਹੁਣ ਤੱਕ 40 ਘੋੜੇ ਦਫਨਾਏ
ਡਾਕਟਰ ਗੌੜ ਨੇ ਦੱਸਿਆ ਕਿ ਬੀਤੇ ਹਫਤੇ 32 ਘੋੜਿਆਂ ਨੂੰ ਦਫਨਾਇਆ ਗਿਆ ਹੈ, ਜਦੋਂ ਕਿ ਇਸ ਤੋਂ ਪਹਿਲਾਂ ਗਲੈਂਡਰਜ਼ ਨਾਲ ਪ੍ਰਭਾਵਿਤ 8 ਘੋੜਿਆਂ ਨੂੰ ਦਫਨਾਇਆ ਗਿਆ ਸੀ। ਇਸ ਤਰ੍ਹਾਂ ਹੁਣ ਤੱਕ 40 ਘੋੜਿਆਂ ਨੂੰ ਦਫਨਾਇਆ ਗਿਆ ਹੈ ਪਰ ਇਸ ਤੋਂ ਬਾਅਦ ਵੀ ਦਿੱਲੀ ਤੋਂ ਖਤਰਾ ਟਲਿਆ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਕਰੀਬ 2 ਹਜ਼ਾਰ ਤੋਂ ਵੀ ਵਧ ਸੈਂਪਲ ਭੇਜੇ ਜਾ ਚੁਕੇ ਹਨ ਪਰ ਇਨ੍ਹਾਂ 'ਚੋਂ ਸਿਰਫ 1264 ਦੀ ਹੀ ਰਿਪੋਰਟ ਆਈ ਹੈ। ਹੁਣ ਤੱਕ ਜਿੰਨੇ ਮਾਮਲੇ ਪਾਜੀਟਿਵ ਆਏ ਹਨ, ਉਨ੍ਹਾਂ ਨੂੰ ਦੇਖਦੇ ਹੋਏ ਹੋਰ ਘੋੜਿਆਂ 'ਚ ਇਨਫੈਕਸ਼ਨ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ।


Related News