ਅਗਲੇ 48 ਘੰਟੇ ਅਹਿਮ! ਇਨ੍ਹਾਂ ਸੂਬਿਆਂ ''ਚ ਤੇਜ਼ ਮੀਂਹ ਦਾ ਅਲਰਟ, ਫਿਰ ਬਦਲੇਗਾ ਮੌਸਮ
Wednesday, Apr 22, 2026 - 09:39 PM (IST)
ਨਵੀਂ ਦਿੱਲੀ: ਜਿੱਥੇ ਉੱਤਰ ਭਾਰਤ ਦੇ ਕਈ ਹਿੱਸੇ ਭਿਆਨਕ ਗਰਮੀ ਅਤੇ ਲੂ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਕਈ ਰਾਜਾਂ ਵਿੱਚ ਮੀਂਹ, ਗਰਜ-ਚਮਕ ਅਤੇ ਤੂਫ਼ਾਨੀ ਹਵਾਵਾਂ ਦੀ ਭਵਿੱਖਬਾਣੀ ਕੀਤੀ ਹੈ।
ਪਹਾੜਾਂ 'ਚ ਪੱਛਮੀ ਗੜਬੜੀ ਦਾ ਅਸਰ
ਮੌਸਮ ਵਿਭਾਗ ਅਨੁਸਾਰ ਅਗਲੇ 36 ਤੋਂ 48 ਘੰਟਿਆਂ ਦੌਰਾਨ ਪਹਾੜਾਂ 'ਤੇ ਇੱਕ ਨਵੀਂ ਪੱਛਮੀ ਗੜਬੜੀ (Western Disturbance) ਸਰਗਰਮ ਹੋਣ ਜਾ ਰਹੀ ਹੈ। ਇਸ ਦੇ ਪ੍ਰਭਾਵ ਕਾਰਨ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਗਰਜ-ਚਮਕ ਦੇ ਨਾਲ ਮੀਂਹ, ਬਰਫ਼ਬਾਰੀ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਖਾਸ ਕਰਕੇ ਉੱਤਰਾਖੰਡ ਦੇ ਬਾਗੇਸ਼ਵਰ, ਉੱਤਰਕਾਸ਼ੀ, ਚਮੋਲੀ, ਪਿਥੌਰਾਗੜ੍ਹ ਅਤੇ ਰੁਦਰਪ੍ਰਯਾਗ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ 24 ਅਪ੍ਰੈਲ ਤੋਂ ਹਨੇਰੀ-ਤੂਫ਼ਾਨ ਤੇ ਮੀਂਹ ਦੀ ਵਾਪਸੀ ਹੋ ਸਕਦੀ ਹੈ।
ਦੱਖਣ ਤੇ ਪੂਰਬੀ ਭਾਰਤ 'ਚ ਮੀਂਹ ਦੀ ਚਿਤਾਵਨੀ
ਸਰੋਤਾਂ ਅਨੁਸਾਰ ਦੱਖਣੀ ਭਾਰਤ ਵਿੱਚ ਇੱਕ ਨਵਾਂ ਮੌਸਮੀ ਸਿਸਟਮ ਸਰਗਰਮ ਹੋ ਰਿਹਾ ਹੈ, ਜਿਸ ਕਾਰਨ ਤਾਮਿਲਨਾਡੂ, ਕੇਰਲ, ਕਰਨਾਟਕ ਅਤੇ ਅੰਡੇਮਾਨ-ਨਿਕੋਬਾਰ ਟਾਪੂਆਂ ਵਿੱਚ ਤੂਫ਼ਾਨੀ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਪੂਰਬੀ ਭਾਰਤ ਦੇ ਪੰਜ ਰਾਜਾਂ—ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਸਿੱਕਮ ਅਤੇ ਪੱਛਮੀ ਬੰਗਾਲ ਵਿੱਚ ਅਗਲੇ 4 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ 60 ਤੋਂ 70 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਅਤੇ ਅਸਮਾਨੀ ਬਿਜਲੀ ਡਿੱਗਣ ਦਾ ਵੀ ਖਤਰਾ ਹੈ। ਮੌਸਮ ਵਿਭਾਗ ਨੇ ਇਸ ਨੂੰ ਪ੍ਰੀ-ਮਾਨਸੂਨ ਦੇ ਵੱਡੇ ਸੰਕੇਤ ਦੱਸਿਆ ਹੈ।
ਮਾਨਸੂਨ ਬਾਰੇ ਤਾਜ਼ਾ ਅਪਡੇਟ
ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਮਾਨਸੂਨ ਜੂਨ ਮਹੀਨੇ ਦੌਰਾਨ ਦਸਤਕ ਦੇ ਸਕਦਾ ਹੈ। ਹਾਲਾਂਕਿ ਸ਼ੁਰੂਆਤ 'ਚ ਇਸ ਦੀ ਗਤੀ ਧੀਮੀ ਰਹਿਣ ਦੀ ਸੰਭਾਵਨਾ ਹੈ, ਪਰ ਦੱਖਣ ਅਤੇ ਪੂਰਬੀ ਭਾਰਤ 'ਚ ਮੀਂਹ ਦੀਆਂ ਗਤੀਵਿਧੀਆਂ ਵਧਣ ਨਾਲ ਮਾਨਸੂਨ ਦੇ ਅੱਗੇ ਵਧਣ ਦੇ ਆਸਾਰ ਬਣਨਗੇ। ਉੱਤਰੀ ਭਾਰਤ ਦੇ ਮੁਕਾਬਲੇ ਬਿਹਾਰ, ਪੱਛਮੀ ਬੰਗਾਲ ਅਤੇ ਅਸਾਮ ਵਰਗੇ ਰਾਜਾਂ 'ਚ ਬਿਹਤਰ ਬਾਰਿਸ਼ ਹੋਣ ਦੀ ਉਮੀਦ ਜਤਾਈ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
