ਅਚਾਨਕ ਬਦਲ ਗਏ 6 ਸੂਬਿਆਂ ''ਚ ਗਵਰਨਰ, ਰਾਸ਼ਟਰਪਤੀ ਮੁਰਮੂ ਨੇ ਕਰ''ਤਾ ਐਲਾਨ
Monday, Oct 12, 2026 - 09:28 PM (IST)
ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦੇਸ਼ ਦੇ ਛੇ ਸੂਬਿਆਂ ਵਿੱਚ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ ਹੈ। ਇਸ ਨਵੀਂ ਫੇਰਬਦਲ ਤਹਿਤ ਓਮ ਪ੍ਰਕਾਸ਼ ਮਾਥੁਰ ਨੂੰ ਸਿੱਕਮ ਤੋਂ ਬਦਲ ਕੇ ਕੇਰਲ (ਕੇਰਲਮ) ਦਾ ਰਾਜਪਾਲ ਬਣਾਇਆ ਗਿਆ ਹੈ, ਜਦੋਂ ਕਿ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਤਾਮਿਲਨਾਡੂ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਚਾਰ ਹੋਰ ਆਗੂਆਂ ਨੂੰ ਰਾਜਪਾਲ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਬ੍ਰਜ ਮੋਹਨ ਰਾਮ ਨੂੰ ਉੜੀਸਾ ਵਿੱਚ ਹਰੀ ਬਾਬੂ ਕੰਭਮਪਾਤੀ ਦੀ ਥਾਂ ਰਾਜਪਾਲ ਬਣਾਇਆ ਗਿਆ ਹੈ। ਸੁਧਾ ਯਾਦਵ ਨੂੰ ਕਰਨਾਟਕ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ, ਜੋ ਥਾਵਰਚੰਦ ਗਹਿਲੋਤ ਦੀ ਜਗ੍ਹਾ ਲੈਣਗੇ। ਢਾਲ ਸਿੰਘ ਬਿਸੇਨ ਨੂੰ ਉੱਤਰਾਖੰਡ ਵਿੱਚ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਦੀ ਥਾਂ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਦੁਸ਼ਯੰਤ ਗੌਤਮ ਨੂੰ ਸਿੱਕਮ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ, ਜੋ ਓਮ ਪ੍ਰਕਾਸ਼ ਮਾਥੁਰ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣਗੇ।
ਰਾਜੇਂਦਰ ਅਰਲੇਕਰ ਪਹਿਲਾਂ ਕੇਰਲ ਦੇ ਨਾਲ-ਨਾਲ ਤਾਮਿਲਨਾਡੂ ਦੇ ਰਾਜਪਾਲ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਸਨ, ਜੋ ਉਨ੍ਹਾਂ ਨੂੰ ਮਾਰਚ ਮਹੀਨੇ ਵਿੱਚ ਆਰ. ਐਨ. ਰਵੀ ਨੂੰ ਪੱਛਮੀ ਬੰਗਾਲ ਦਾ ਰਾਜਪਾਲ ਬਣਾਏ ਜਾਣ ਤੋਂ ਬਾਅਦ ਦਿੱਤਾ ਗਿਆ ਸੀ। ਹੁਣ ਉਨ੍ਹਾਂ ਨੂੰ ਤਾਮਿਲਨਾਡੂ ਦੇ ਪੂਰਨ ਰਾਜਪਾਲ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ। ਓਮ ਪ੍ਰਕਾਸ਼ ਮਾਥੁਰ ਕੇਰਲ ਵਿੱਚ ਅਰਲੇਕਰ ਦੀ ਥਾਂ ਲੈਣਗੇ। ਇਸ ਤੋਂ ਇਲਾਵਾ, ਹਰੀ ਬਾਬੂ ਕੰਭਮਪਾਤੀ, ਥਾਵਰਚੰਦ ਗਹਿਲੋਤ ਅਤੇ ਗੁਰਮੀਤ ਸਿੰਘ ਨੂੰ ਕੋਈ ਨਵੀਂ ਜ਼ਿੰਮੇਵਾਰੀ ਦੇਣ ਬਾਰੇ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
