ਨੌਜਵਾਨ ਦਾ ਸ਼ਰਮਨਾਕ ਕਾਰਾ, ਨਵ-ਵਿਆਹੁਤਾ ਨੂੰ ਵਿਆਹ ਦੇ ਦੋ ਮਹੀਨੇ ਬਾਅਦ ਕੀਤਾ ਅਗਵਾ
Monday, Aug 17, 2020 - 07:03 PM (IST)
ਜੀਂਦ— ਹਰਿਆਣਾ ਦੇ ਜੀਂਦ ਜ਼ਿਲ੍ਹੇ ’ਚ ਡੋਲੀ ਸਮੇਂ ਲਾੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਤਾਂ ਨਾਕਾਮ ਹੋ ਗਈ ਪਰ ਉਸ ਸਿਰਫਿਰੇ ਨੌਜਵਾਨ ਨੇ ਵਿਆਹ ਦੇ ਦੋ ਮਹੀਨੇ ਬਾਅਦ ਸਹੁਰੇ ਘਰ ਤੋਂ ਹੀ ਉਸ ਨਵ-ਵਿਆਹੁਤਾ ਨੂੰ ਅਗਵਾ ਕਰ ਲਿਆ। ਘਟਨਾ ਜ਼ਿਲ੍ਹੇ ਦੇ ਪਿੰਡ ਮੈਂਗਲਪੁਰ ਦੀ ਹੈ। ਸਦਰ ਥਾਣਾ ਨਰਵਾਨਾ ਪੁਲਸ ਨੇ ਸਿਰਫਿਰੇ ਨੌਜਵਾਨ ਅਤੇ ਉਸ ਦੀ ਮਾਂ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕੀਤਾ ਹੈ। ਤੋਸ਼ਾਮ ਵਾਸੀ ਇਕ ਵਿਅਕਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਧੀ ਦਾ ਵਿਆਹ 22 ਜੂਨ ਨੂੰ ਪਿੰਡ ਮੈਂਗਲਪੁਰ ਵਾਸੀ ਇਕ ਨੌਜਵਾਨ ਨਾਲ ਹੋਇਆ ਸੀ। ਬੀਤੀ 12 ਅਗਸਤ ਨੂੰ ਉਸ ਦੀ ਧੀ ਸਹੁਰੇ ਘਰ ਤੋਂ ਗਾਇਬ ਹੋ ਗਈ। ਆਲੇ-ਦੁਆਲੇ ਭਾਲ ਕਰਨ ਅਤੇ ਪੁੱਛ-ਗਿੱਛ ਕਰਨ ’ਤੇ ਉਸ ਦੀ ਧੀ ਦਾ ਕੋਈ ਸੁਰਾਗ ਨਹੀਂ ਲੱਗਾ। ਉਕਤ ਵਿਅਕਤੀ ਨੇ ਦੋਸ਼ ਲਾਇਆ ਕਿ ਤੋਸ਼ਾਮ ਵਾਸੀ ਮੋਹਿਤ ਅਤੇ ਉਸ ਦੀ ਮਾਂ ਬੇਬੀ ਨੇ ਉਸ ਦੀ ਧੀ ਨੂੰ ਅਗਵਾ ਕੀਤਾ ਹੈ।
ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਮੋਹਿਤ ਤੋਸ਼ਾਮ ’ਚ ਉਸ ਦੇ ਹੀ ਮੁਹੱਲੇ ਦਾ ਰਹਿਣ ਵਾਲਾ ਹੈ। ਬੀਤੀ 22 ਜੂਨ ਨੂੰ ਉਸ ਦੀ ਧੀ ਦਾ ਵਿਆਹ ਸੀ, ਉਸ ਦੀ ਧੀ ਪੇਕੇ ਤੋਂ ਵਿਦਾ ਹੋ ਕੇ ਸਹੁਰੇ ਘਰ ਜਾ ਰਹੀ ਸੀ। ਦੋਸ਼ੀ ਮੋਹਿਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਧੀ ਦੀ ਡੋਲੀ ਵਾਲੀ ਗੱਡੀ ਦਾ ਪਿਛਾ ਕੀਤਾ, ਮੋਹਿਤ ਅਤੇ ਉਸ ਦੇ ਸਾਥੀਆਂ ਨੇ ਡੋਲੀ ਵਾਲੀ ਕਾਰ ਤੋਂ ਉਸ ਦੀ ਧੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਰਾਤੀਆਂ ਦੇ ਵਿਰੋਧ ਅਤੇ ਰਾਹਗੀਰਾਂ ਦੀ ਭੀੜ ਹੋਣ ਦੇ ਚੱਲਦੇ ਮੋਹਿਤ ਅਤੇ ਉਸ ਦੇ ਸਾਥੀਆਂ ਦੀ ਅਗਵਾ ਦੀ ਕੋਸ਼ਿਸ਼ ਨਾਕਾਮ ਹੋ ਗਈ ਸੀ। ਉਸ ਦੌਰਾਨ ਵੀ ਤੋਸ਼ਾਮ ਥਾਣੇ ’ਚ ਸ਼ਿਕਾਇਤ ਦਿੱਤੀ ਸੀ ਪਰ ਮਾਮਲਾ ਪੰਚਾਇਤੀ ਤੌਰ ’ਤੇ ਨਿਪਟਾ ਲਿਆ ਗਿਆ ਸੀ। ਹੁਣ ਫਿਰ ਮੋਹਿਤ ਨੇ ਆਪਣੀ ਮਾਂ ਨਾਲ ਮਿਲ ਕੇ ਉਸ ਦੀ ਧੀ ਨੂੰ ਅਗਵਾ ਕੀਤਾ ਹੈ। ਸਦਰ ਥਾਣਾ ਨਰਵਾਨਾ ਪੁਲਸ ਨੇ ਵਿਅਕਤੀ ਦੀ ਸ਼ਿਕਾਇਤ ’ਤੇ ਮੋਹਿਤ ਅਤੇ ਉਸ ਦੀ ਮਾਂ ਬੇਬੀ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕੀਤਾ ਹੈ।