ਟਰੰਪ ਵੱਲੋਂ ਲਾਏ ਗਏ ਨਵੇਂ ਟੈਰਿਫ ਤੋਂ ਵਾਹਨ ਨਿਰਮਾਤਾ ਪ੍ਰੇਸ਼ਾਨ, ਕਾਰਾਂ ਦੀਆਂ ਕੀਮਤਾਂ ਆਸਮਾਨ ਛੂਹਣ ਦਾ ਡਰ
Wednesday, Feb 05, 2025 - 05:42 AM (IST)
 
            
            ਜਲੰਧਰ (ਇੰਟ.)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ, ਮੈਕਸੀਕੋ ਤੇ ਚੀਨ ਤੋਂ ਦਰਾਮਦ ਵਸਤਾਂ ’ਤੇ ਲਾਏ ਗਏ ਨਵੇਂ ਟੈਰਿਫ ਤੋਂ ਸਾਰੇ ਵਾਹਨ ਨਿਰਮਾਤਾ ਪ੍ਰੇਸ਼ਾਨ ਹੋ ਗਏ ਹਨ। ਆਟੋ ਨਿਰਮਾਤਾ ਹਰ ਹਫਤੇ ਕੈਨੇਡਾ ਤੇ ਮੈਕਸੀਕੋ ਦੇ ਨਾਲ ਹੀ ਅਮਰੀਕੀ ਹੱਦਾਂ ਤੋਂ ਪਾਰ ਅਰਬਾਂ ਡਾਲਰ ਦੇ ਤਿਆਰ ਆਟੋਮੋਬਾਈਲ, ਇੰਜਣ, ਟਰਾਂਸਮਿਸ਼ਨ ਤੇ ਹੋਰ ਵਸਤਾਂ ਭੇਜਦੇ ਹਨ।
ਅਰਬਾਂ ਡਾਲਰ ਦੀ ਦਰਾਮਦ ਚੀਨ ਦੇ ਪਾਰਟਸ ਨਿਰਮਾਤਾਵਾਂ ਵੱਲੋਂ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ’ਚ ਕਾਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧਣ ਦਾ ਡਰ ਪੈਦਾ ਹੋ ਗਿਆ ਹੈ। ਇਹ ਟੈਰਿਫ ਅਜਿਹੇ ਸਮੇਂ ਆਏ ਹਨ ਜਦੋਂ ਨਵੀਆਂ ਕਾਰਾਂ ਤੇ ਟਰੱਕ ਪਹਿਲਾਂ ਤੋਂ ਹੀ ਰਿਕਾਰਡ ਕੀਮਤਾਂ ’ਤੇ ਵਿਕ ਰਹੇ ਹਨ।
ਜਨਰਲ ਮੋਟਰਜ਼ ਹੋਵੇਗੀ ਸਭ ਤੋਂ ਵੱਧ ਪ੍ਰਭਾਵਿਤ
ਰਿਪੋਰਟ ਮੁਤਾਬਕ ਅਮਰੀਕਾ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਜਨਰਲ ਮੋਟਰਸ (ਜੀ.ਐੱਮ.) ਸ਼ਾਇਦ ਸਭ ਤੋਂ ਵੱਧ ਪ੍ਰਭਾਵਿਤ ਹੋਵੇਗੀ। ਆਟੋ-ਇੰਡਸਟ੍ਰੀ ਡਾਟਾ ਪ੍ਰੋਵਾਈਡਰ ‘ਮਾਰਕਲਾਈਨਸ’ ਅਨੁਸਾਰ ਜਨਰਲ ਮੋਟਰਸ ਕਿਸੇ ਵੀ ਹੋਰ ਨਿਰਮਾਤਾ ਦੇ ਮੁਕਾਬਲੇ ਬਹੁਤ ਜ਼ਿਆਦਾ ਵਾਹਨ ਬਣਾਉਂਦੀ ਹੈ। ਜੀ.ਐੱਮ. ਵੱਲੋਂ ਸੰਯੁਕਤ ਰਾਜ ਅਮਰੀਕਾ ਵਿਚ ਵੇਚੇ ਜਾਣ ਵਾਲੇ ਸਾਰੇ ਸ਼ੈਵਰਲੇ ਇਕਵਿਨਾਕਸ ਤੇ ਬਲੇਜ਼ਰ ਸਪੋਰਟ-ਯੂਟੀਲਿਟੀ ਵਾਹਨ ਮੈਕਸੀਕੋ ਤੋਂ ਆਉਂਦੇ ਹਨ। ਸਭ ਤੋਂ ਵੱਧ ਵਿਕਣ ਵਾਲਾ ਮਾਡਲ ਸ਼ੈਵਰਲੇ ਸਿਲਵਰੇਡੋ ਪਿਕਅੱਪ ਟਰੱਕ ਤੇ ਸਿਏਰਾ ਪਿਕਅੱਪ ਟਰੱਕ ਕੰਪਨੀ ਲਈ ਬਹੁਤ ਜ਼ਿਆਦਾ ਮੁਨਾਫਾ ਕਮਾਉਂਦਾ ਹੈ।
ਇਹ ਵੀ ਪੜ੍ਹੋ- PSPCL ਦਾ ਵੱਡਾ ਅਧਿਕਾਰੀ ਹੋਇਆ ਗ੍ਰਿਫ਼ਤਾਰ, ਕਾਰਾ ਜਾਣ ਰਹਿ ਜਾਓਗੇ ਹੈਰਾਨ
ਮਾਰਕਲਾਈਨਜਸ ਦੇ ਡਾਟਾ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਬਣਾਏ ਗਏ 10 ਲੱਖ ਤੋਂ ਵੱਧ ਟਰੱਕਾਂ ਵਿਚੋਂ ਲੱਗਭਗ ਅੱਧੇ ਕੈਨੇਡਾ ਤੇ ਮੈਕਸੀਕੋ ਵਿਚ ਬਣਾਏ ਗਏ ਸਨ। ਕੁਲ ਮਿਲਾ ਕੇ ਕੈਨੇਡਾ ਤੇ ਮੈਕਸੀਕੋ ਵਿਚ ਜੀ. ਐੱਮ. ਪਲਾਂਟ ਨੇ ਪਿਛਲੇ ਸਾਲ ਕੰਪਨੀ ਵੱਲੋਂ ਬਣਾਏ ਗਏ ਸਾਰੇ ਵਾਹਨਾਂ ਵਿਚੋਂ ਲੱਗਭਗ 40 ਫੀਸਦੀ ਉੱਤਰੀ ਅਮਰੀਕਾ ਵਿਚ ਬਣਾਏ। ਇਹ ਉਹ ਖੇਤਰ ਹੈ ਜਿੱਥੋਂ ਉਸ ਨੂੰ ਜ਼ਿਆਦਾਤਰ ਮਾਲੀਆ ਅਤੇ ਲੱਗਭਗ ਸਾਰਾ ਮੁਨਾਫਾ ਮਿਲਦਾ ਹੈ।
ਵੱਡੇ ਵਾਹਨਾਂ ’ਤੇ 10,000 ਡਾਲਰ ਤੋਂ ਵੱਧ ਟੈਰਿਫ
ਸਟੇਲੈਂਟਿਸ, ਟੋਯੋਟਾ ਤੇ ਹੋਂਡਾ ਸਮੇਤ ਕਈ ਹੋਰ ਵਾਹਨ ਨਿਰਮਾਤਾ ਵੀ ਕੈਨੇਡਾ ਤੇ ਮੈਕਸੀਕੋ ਵਿਚ ਕਾਰਾਂ ਤੇ ਟਰੱਕਾਂ ਦਾ ਲੱਗਭਗ 40 ਫੀਸਦੀ ਹਿੱਸਾ ਬਣਾਉਂਦੇ ਹਨ ਪਰ ਉਹ ਜੀ. ਐੱਮ. ਦੇ ਮੁਕਾਬਲੇ ਘੱਟ ਵਾਹਨ ਬਣਾਉਂਦੇ ਹਨ। ਇਸ ਲਈ ਜ਼ਿਆਦਾਤਰ ਵਾਹਨ ਨਿਰਮਾਤਾ ਜੀ. ਐੱਮ. ਵਾਂਗ ਟੈਰਿਫ ਦੇ ਅਸਰ ਨੂੰ ਤੇਜ਼ੀ ਨਾਲ ਮਹਿਸੂਸ ਨਹੀਂ ਕਰ ਸਕਦੇ। ਮਿਸ਼ੀਗਨ ’ਚ ਸਥਿਤ ਕੰਸਲਟਿੰਗ ਫਰਮ ਐਂਡਰਸਨ ਇਕੋਨਾਮਿਕ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੈਟ੍ਰਿਕ ਐਂਡਰਸਨ ਨੇ ਕਿਹਾ ਕਿ ਟੈਰਿਫ ਨਿਰਮਾਤਾਵਾਂ ਤੇ ਆਟੋ ਨਿਰਮਾਣ ਸੂਬਿਆਂ ਲਈ ਬਹੁਤ ਵੱਡਾ ਖਤਰਾ ਹੈ।
ਇਹ ਵੀ ਪੜ੍ਹੋ- CM ਮਾਨ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼ ; ''ਜੇ ਕੋਈ ਵਾਰਦਾਤ ਹੋਈ ਤਾਂ...''
ਐਂਡਰਸਨ ਨੇ ਕਿਹਾ ਕਿ ਟੈਰਿਫ ਦੇ ਅਸਰ ਨਾਲ ਸਰਹੱਦ ਪਾਰ ਕਰਨ ’ਚ ਦੇਰੀ ਤੇ ਭੁਲੇਖਾ ਪੈਦਾ ਹੋਵੇਗਾ ਕਿਉਂਕਿ ਕਸਟਮ ਡਿਊਟੀ ਏਜੰਟ, ਸ਼ਿਪਰਸ ਤੇ ਬੰਦਰਗਾਹ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਨਗੇ ਕਿ ਸਰਹੱਦ ਪਾਰ ਜਾਣ ਵਾਲੇ ਟਰੱਕਾਂ ਤੇ ਟਰੇਨਾਂ ’ਤੇ ਪਹਿਲਾਂ ਤੋਂ ਮੌਜੂਦ ਵਾਹਨਾਂ ਤੇ ਕਲਪੁਰਜਿਆਂ ਨਾਲ ਕਿਵੇਂ ਨਜਿੱਠਿਆ ਜਾਵੇ। ਉਨ੍ਹਾਂ ਅਨੁਮਾਨ ਲਾਇਆ ਕਿ ਕੈਨੇਡਾ ਤੇ ਮੈਕਸੀਕੋ ਤੋਂ ਸੰਯੁਕਤ ਰਾਜ ਅਮਰੀਕਾ ਵਿਚ ਭੇਜੇ ਜਾਣ ਵਾਲੇ ਟਰੱਕਾਂ ਤੇ ਹੋਰ ਵੱਡੇ ਵਾਹਨਾਂ ’ਤੇ 10,000 ਡਾਲਰ ਜਾਂ ਉਸ ਤੋਂ ਵੱਧ ਟੈਰਿਫ ਦੇਣਾ ਪੈ ਸਕਦਾ ਹੈ।
ਟੈਰਿਫ ਉਨ੍ਹਾਂ ਕੁਝ ਕੰਪਨੀਆਂ ਲਈ ਮੁਸ਼ਕਲਾਂ ਪੈਦਾ ਕਰਦੇ ਹਨ ਜਿਨ੍ਹਾਂ ਕੋਲ ਉੱਤਰੀ ਅਮਰੀਕਾ ਵਿਚ ਜ਼ਿਆਦਾ ਪਲਾਂਟ ਨਹੀਂ ਹਨ। ਅਮਰੀਕਾ ਵਿਚ ਫਾਕਸਵੈਗਨ ਦੇ ਸਭ ਤੋਂ ਵੱਧ ਵਿਕਣ ਵਾਲੇ 3 ਵਾਹਨ ਮੈਕਸੀਕੋ ਵਿਚ ਬਣੇ ਹਨ। ਫਾਕਸਵੈਗਨ ਨੇ ਕਿਹਾ ਕਿ ਅਸੀਂ ਮੁਕਤ ਤੇ ਨਿਰਪੱਖ ਵਪਾਰ ਦੇ ਪ੍ਰਬਲ ਸਮਰਥਕ ਬਣੇ ਹੋਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            