ਪੀ.ਐੱਮ. ਮੋਦੀ ਨੇ ਬੀਜੇਪੀ ਕਾਰਕੁੰਨਾਂ ਨੂੰ ''ਮੇਰਾ ਬੂਥ ਸਭ ਤੋਂ ਮਜ਼ਬੂਤ'' ਦਾ ਦਿੱਤਾ ਨਾਅਰਾ

Thursday, Sep 13, 2018 - 01:16 PM (IST)

ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੰ 5 ਲੋਕਸਭਾ ਸੀਟਾਂ ਲਈ ਬੀਜੇਪੀ ਕਾਰਕੁੰਨਾਂ ਨਾਲ ਗੱਲਬਾਤ ਕੀਤੀ। ਆਪਣੀ ਇਸ ਗੱਲਬਾਤ ਵਿਚ ਪੀ.ਐੱਮ. ਮੋਦੀ ਨੇ ਆਪਣੇ ਕਾਰਕੁੰਨਾਂ ਨੂੰ 'ਮੇਰਾ ਬੂਥ ਸਭ ਤੋਂ ਮਜ਼ਬੂਤ' ਦਾ ਨਾਅਰਾ ਦਿੱਤਾ। ਅਰੁਣਾਚਲ (ਪੱਛਮ), ਗਾਜ਼ੀਆਬਾਦ, ਹਜ਼ਾਰੀਬਾਗ, ਜੈਪੁਰ ਪੇਂਡੂ ਅਤੇ ਨਵਾਦਾ ਲੋਕਸਭਾ ਖੇਤਰ ਦੇ ਪਾਰਟੀ ਕਾਰਕੁੰਨਾਂ ਨਾਲ ਵੀਡੀਓ ਜ਼ਰੀਏ ਗੱਲਬਾਤ ਕਰਦਿਆਂ ਪੀ.ਐੱਮ.ਮੋਦੀ ਨੇ ਕਾਂਗਰਸ 'ਤੇ ਜ਼ੋਰਦਾਰ ਹਮਲਾ ਬੋਲਿਆ। ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਮੇਰੇ 'ਤੇ ਹਰ ਤਰ੍ਹਾਂ ਦਾ ਦੋਸ਼ ਲਗਾਉਂਦੀ ਹੈ। ਅਸੀਂ ਉਨ੍ਹਾਂ ਨੂੰ ਸਾਲ 2014 ਵਿਚ ਹਰਾਇਆ। ਹੁਣ ਜਨਤਾ ਜਾਗ ਗਈ ਹੈ ਅਤੇ ਉਹ ਸੱਚਾਈ ਤੋਂ ਜਾਣੂ ਹੈ। ਸਾਡੇ ਕਈ ਕਾਰਕੁੰਨਾਂ ਦਾ ਕਤਲ ਸਿਰਫ ਇਸ ਕਾਰਨ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਸਮਾਜ ਵਿਚ ਸਾਰੇ ਲੋਕਾਂ ਲਈ ਆਵਾਜ਼ ਚੁੱਕੀ। 

ਪੀ.ਐੱਮ. ਮੋਦੀ ਨੇ ਵਿਰੋਧੀ ਧਿਰ 'ਤੇ ਝੂਠ ਫੈਲਾਉਣ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਤੋਂ ਪਹਿਲਾਂ ਕਿਸੇ ਸਰਕਾਰ ਨੇ ਗਰੀਬਾਂ ਲਈ ਇੰਨਾ ਕੁਝ ਨਹੀਂ ਕੀਤਾ। ਅਸੀਂ ਗਰੀਬਾਂ ਨੂੰ ਗੈਸ ਕੁਨੈਕਸ਼ਨ ਅਤੇ ਘਰ ਦਿੱਤੇ। ਇਸ ਦੇ ਇਲਾਵਾ ਸਿਹਤ ਯੋਜਨਾਵਾਂ ਵੀ ਲਾਗੂ ਕੀਤੀਆਂ। ਪੀ.ਐੱਮ. ਮੋਦੀ ਨੇ ਕਿਹਾ ਕਿ ਜੇ ਕੋਈ ਸਾਡੇ ਤੋਂ ਡਰਦਾ ਹੈ ਜਾਂ ਸਾਡੇ 'ਤੇ ਹਮਲਾ ਕਰਦਾ ਹੈ ਤਾਂ ਇਸ ਦੇ ਪਿੱਛੇ ਦਾ ਕਾਰਨ ਸਾਫ ਹੈ। 'ਸਭ ਕਾ ਸਾਥ, ਸਭ ਕਾ ਵਿਕਾਸ' ਇਹ ਸਿਰਫ ਇਕ ਮੰਤਰ ਨਹੀਂ ਹੈ। ਸਾਡੇ ਕੋਲ ਸਖਤ ਕਦਮ ਚੁੱਕਣ ਦੀ ਹਿੰਮਤ ਹੈ। ਅਸੀਂ ਵੋਟ ਬੈਂਕ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਸਾਰੇ ਧਰਮਾਂ, ਜਾਤੀਆਂ ਦੇ ਲੋਕਾਂ ਲਈ ਯੋਜਨਾਵਾਂ ਲਾਗੂ ਕਰਦੇ ਹਾਂ।

ਪੀ.ਐੱਮ. ਨੇ ਕਾਰਕੁੰਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲ ਹੀ ਵਿਚ ਅਸੀਂ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਕੀਤੀ। ਬੈਠਕ ਵਿਚ ਕਾਰਕੁੰਨਾਂ ਦਾ ਜੋਸ਼ ਦੇਖਣ ਲਾਇਕ ਸੀ। ਸਾਡੀ ਪਾਰਟੀ ਉਮਰ ਵਿਚ ਬਹੁਤ ਛੋਟੀ ਹੈ ਪਰ ਅੱਜ ਇਹ ਦੇਸ਼ ਦੀ ਸੇਵਾ ਕਰ ਰਹੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਸਾਡੀ ਜਿੱਤ ਨੇ ਦੁਨੀਆ ਭਰ ਦੇ ਸਿਆਸੀ ਪੰਡਤਾਂ ਨੂੰ ਫੇਲ ਕਰ ਦਿੱਤਾ। ਇਸ ਜਿੱਤ ਦੇ ਪਿੱਛੇ ਅਸਲੀ ਸਫਲਤਾ 'ਮੇਰਾ ਬੂਥ ਸਭ ਤੋਂ ਮਜ਼ਬੂਤ' ਦਾ ਨਾਅਰਾ ਹੈ। ਇਸੇ ਕਾਰਨ ਅੱਜ ਸਾਡੀਆਂ ਜੜ੍ਹਾਂ ਮਜ਼ਬੂਤ ਹਨ।


Related News