ਅੰਦੋਲਨ ਰਾਹੀਂ ਹੁਣ ਕਿਸੇ ਨੂੰ ਸੱਤਾ ਦਾ ਹਿੱਤ ਨਹੀਂ ਸਾਧਣ ਦਿਆਂਗੇ : ਹਜ਼ਾਰੇ

01/17/2018 12:53:15 AM

ਨਵੀਂ ਦਿੱਲੀ,(ਭਾਸ਼ਾ)— ਪ੍ਰਸਿੱਧ ਸਮਾਜਸੇਵੀ ਅੰਨਾ ਹਜ਼ਾਰੇ ਨੇ ਕਿਸਾਨਾਂ ਦੀ ਬਦਹਾਲੀ ਅਤੇ ਚੋਣ ਸੁਧਾਰਾਂ ਲਈ ਆਉਣ ਵਾਲੀ 23 ਮਾਰਚ ਤੋਂ ਸ਼ੁਰੂ ਹੋ ਰਹੇ ਅੰਦੋਲਨ ਤੋਂ ਅਜਿਹੇ ਲੋਕਾਂ ਨੂੰ ਦੂਰ ਰੱਖਣ ਦੀ ਗੱਲ ਕਹੀ ਹੈ, ਜੋ ਅੰਦੋਲਨ ਨੂੰ ਜ਼ਰੀਆ ਬਣਾ ਕੇ ਸਿਆਸਤ 'ਚ ਆ ਜਾਂਦੇ ਹਨ।
ਹਜ਼ਾਰੇ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਲਏ ਬਗੈਰ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਪਿਛਲੇ ਅੰਦੋਲਨ ਦੇ ਮੰਚ ਦੀ ਵਰਤੋਂ ਕਰਕੇ ਕੋਈ ਮੁੱਖ ਮੰਤਰੀ ਬਣ ਗਿਆ ਤੇ ਕੋਈ ਮੰਤਰੀ। ਉਨ੍ਹਾਂ ਕਿਹਾ, ''ਇਸ ਵਾਰ ਅਸੀਂ ਅੰਦੋਲਨ 'ਚ ਉਨ੍ਹਾਂ ਲੋਕਾਂ ਨੂੰ ਨਾਲ ਲਿਆ ਹੈ, ਜੋ ਹਲਫਨਾਮਾ ਦੇ ਕੇ ਭਵਿੱਖ ਵਿਚ ਕਿਸੇ ਸਿਆਸੀ ਪਾਰਟੀ 'ਚ ਸ਼ਾਮਲ ਨਾ ਹੋਣ ਦੀ ਸਹੁੰ ਚੁੱਕਦੇ ਹਨ। ਜੇਕਰ ਇਹ ਹਲਫਨਾਮਾ ਪਹਿਲਾਂ ਲਿਆ ਹੁੰਦਾ ਤਾਂ ਅੰਦੋਲਨ ਦੇ ਮੰਚ ਦੀ ਵਰਤੋਂ ਕਰਨ ਵਾਲੇ ਲੋਕ ਮੁੱਖ ਮੰਤਰੀ ਅਤੇ ਮੰਤਰੀ ਨਾ ਬਣ ਸਕਦੇ।''
ਕੇਜਰੀਵਾਲ ਵਲੋਂ ਅੰਦੋਲਨ ਨੂੰ ਧੋਖਾ ਦੇਣ ਦੇ ਸਵਾਲ 'ਤੇ ਹਜ਼ਾਰੇ ਨੇ ਕਿਹਾ, ''ਮੈਂ ਤਾਂ ਫਕੀਰ ਹਾਂ, ਫਕੀਰ ਨੂੰ ਕੋਈ ਕੀ ਧੋਖਾ ਦੇਵੇਗਾ ਪਰ ਇਹ ਜ਼ਰੂਰ ਹੈ ਕਿ ਅਰਵਿੰਦ ਨੇ ਭਰੋਸਾ ਦਿੱਤਾ ਸੀ ਕਿ ਉਹ ਪਾਰਟੀ ਨਹੀਂ ਬਣਾਉਣਗੇ।''
ਹਜ਼ਾਰੇ ਨੇ ਦੱਸਿਆ ਕਿ 23 ਮਾਰਚ ਨੂੰ ਉਹ ਦਿੱਲੀ ਵਿਚ ਕਿਸਾਨ ਪੈਨਸ਼ਨ ਬਿੱਲ ਨੂੰ ਪਾਸ ਕਰਵਾਉਣ ਅਤੇ ਚੋਣ ਸੁਧਾਰ ਦੀ ਮੰਗ ਨੂੰ ਲੈ ਕੇ ਅੰਦੋਲਨ ਕਰਨਗੇ। ਇਸ ਦੇ ਲਈ ਸਿਆਸਤ ਤੋਂ ਖੁਦ ਨੂੰ ਦੂਰ ਰੱਖਣ ਵਾਲੇ ਸਮਰਪਿਤ ਵਰਕਰਾਂ ਨੂੰ ਸਾਰੇ ਸੂਬਿਆਂ ਤੋਂ ਅੰਦੋਲਨ 'ਚ ਸ਼ਾਮਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। 


Related News