EVM ‘ਬਲੈਕ ਬਾਕਸ’, ਕਿਸੇ ਨੂੰ ਵੀ ਇਨ੍ਹਾਂ ਦੀ ਜਾਂਚ ਦੀ ਇਜਾਜ਼ਤ ਨਹੀਂ, ਰਾਹੁਲ ਗਾਂਧੀ ਨੇ ਫਿਰ ਚੁੱਕੇ ਸਵਾਲ

06/16/2024 11:48:49 PM

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ 'ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਇਕ ‘ਬਲੈਕ ਬਾਕਸ’ ਹੈ, ਜਿਸ ਦੀ ਜਾਂਚ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਹੈ।

ਉਨ੍ਹਾਂ ਐਤਵਾਰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ' ’ਤੇ ਇਕ ਪੋਸਟ ’ਚ ਕਿਹਾ ਕਿ ਜਦੋਂ ਅਦਾਰਿਆਂ ’ਚ ਜਵਾਬਦੇਹੀ ਨਹੀਂ ਹੁੰਦੀ ਤਾਂ ਲੋਕਤੰਤਰ ਇਕ ਧੋਖਾ ਬਣ ਕੇ ਰਹਿ ਜਾਂਦਾ ਹੈ। ਧਾਂਦਲੀ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਪੋਸਟ ਦੇ ਨਾਲ ਗਾਂਧੀ ਨੇ ਇਕ ਖ਼ਬਰ ਵੀ ਸਾਂਝੀ ਕੀਤੀ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਮੁੰਬਈ ਦੀ ਉੱਤਰੀ-ਪੱਛਮੀ ਲੋਕ ਸਭਾ ਸੀਟ ਤੋਂ 48 ਵੋਟਾਂ ਨਾਲ ਜਿੱਤਣ ਵਾਲੇ ਸ਼ਿਵ ਸੈਨਾ ਦੇ ਉਮੀਦਵਾਰ ਦੇ ਰਿਸ਼ਤੇਦਾਰ ਕੋਲ ਇਕ ਅਜਿਹਾ ਫੋਨ ਹੈ ਜਿਸ ਨਾਲ ਈ. ਵੀ. ਐੱਮ. ਨਾਲ ਛੇੜਛਾੜ ਸੰਭਵ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਚੋਣ ਪ੍ਰਕਿਰਿਆ ’ਚ ਪਾਰਦਰਸ਼ਤਾ ਨੂੰ ਲੈ ਕੇ ‘ਗੰਭੀਰ ਚਿੰਤਾਵਾਂ’ ਉਠਾਈਆਂ ਜਾ ਰਹੀਆਂ ਹਨ।

ਸਾਬਕਾ ਕਾਂਗਰਸ ਪ੍ਰਧਾਨ ਨੇ ‘ਐਕਸ’ ’ਤੇ ਐਲੋਨ ਮਸਕ ਦੀ ਪੋਸਟ ਵੀ ਸਾਂਝੀ ਕੀਤੀ ਜਿਸ ’ਚ ਮਸਕ ਨੇ ਈ. ਵੀ. ਐੱਮ. ਨੂੰ ਹਟਾਉਣ ਦੀ ਗੱਲ ਕੀਤੀ ਸੀ। ਮਸਕ ਨੇ ਆਪਣੀ ਪੋਸਟ ’ਚ ਕਿਹਾ ਸੀ ਕਿ ਸਾਨੂੰ ਈ. ਵੀ. ਐੱਮ. ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਇਨਸਾਨਾਂ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਵਲੋਂ ਹੈਕ ਕੀਤੇ ਜਾਣ ਦਾ ਖ਼ਤਰਾ ਭਾਵੇਂ ਛੋਟਾ ਹੈ ਪਰ ਫਿਰ ਵੀ ਬਹੁਤ ਜ਼ਿਆਦਾ ਹੈ।


Rakesh

Content Editor

Related News