ਸਾਵਧਾਨ! ਹੁਣ ਫਾਸਟੈੱਗ ਰਾਹੀਂ ਕੱਟਿਆ ਜਾਵੇਗਾ ਚਾਲਾਨ, 1 ਜੁਲਾਈ ਤੋਂ ਆ ਰਿਹਾ ਸਮਾਰਟ ਟ੍ਰੈਫਿਕ ਸਿਸਟਮ
Tuesday, Jun 25, 2024 - 06:29 PM (IST)
ਨਵੀਂ ਦਿੱਲੀ, ਟ੍ਰੈਫਿਕ ਨਿਯਮਾਂ ਦੀ ਪਰਵਾਹ ਨਾ ਕਰਨ ਵਾਲਿਆਂ ਦੇ ਅਕਸਰ ਹੀ ਚਾਲਾਨ ਕੱਟੇ ਜਾਂਦੇ ਹਨ। ਕਿਸੇ ਵੀ ਵਾਹਨ ਦਾ ਚਾਲਾਨ ਕੱਟੇ ਜਾਣ ਤੋਂ ਬਾਅਦ ਅਕਸਰ ਚਲਾਨ ਕਾਰਨ ਹੋਈ ਜੁਰਮਾਨੇ ਦੀ ਰਕਮ ਦੇ ਭੁਗਤਾਨ ਲਈ ਤਹਾਨੂੰ ਆਰਟੀਓ ਦਫਤਰਾਂ ਦੇ ਗੇੜੇ ਕੱਢਣੇ ਪੈਂਦੇ ਹਨ ਪਰ ਹੁਣ ਇਸੇ ਵਿਚਕਾਰ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹੁਣ ਤੁਹਾਡੀ ਗੱਡੀ ‘ਤੇ ਲੱਗੇ ਫਾਸਟ ਟੈੱਗ ਨਾਲ ਹੀ ਤੁਹਾਡੇ ਵਾਹਨ ਦੇ ਹੋਏ ਚਾਲਾਨ ਦਾ ਭੁਗਤਾਨ ਹੋ ਜਾਵੇਗਾ। ਹੁਣ ਤਹਾਨੂੰ ਸੜਕ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕਰਨਾ ਮਹਿੰਗਾ ਪੈ ਸਕਦਾ ਹੈ।
ਦਰਅਸਲ, ਦੱਖਣੀ ਭਾਰਤੀ ਰਾਜ ਕਰਨਾਟਕ ਨੇ ਇੰਟੈਲੀਜੈਂਟ ਟਰੈਫਿਕ ਮੈਨੇਜਮੈਂਟ ਸਿਸਟਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਪ੍ਰਣਾਲੀ ਦੇ ਤਹਿਤ, ਬੈਂਗਲੁਰੂ-ਮੈਸੂਰ ਰੋਡ ਨੂੰ ਨੈਟਵਰਕ ਕੈਮਰਿਆਂ ਦੇ ਨਾਲ ਲੈਸ ਕਰ ਦਿੱਤਾ ਜਾਵੇਗਾ।
ਇੱਥੇ ਲਗਾਏ ਗਏ ਕੈਮਰੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੀ ਪਛਾਣ ਕਰਨਗੇ। ਇਨ੍ਹਾਂ ਹੀ ਨਹੀਂ ਅਜਿਹੇ ਵਾਹਨਾਂ ਦੀ ਪਛਾਣ ਕਰ ਕੇ ਉਨ੍ਹਾਂ ‘ਤੇ ਕਾਰਵਾਈ ਵੀ ਅਮਲ ਵਿੱਚ ਲੈ ਕੇ ਆਉਣਗੇ। ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਫਾਸਟੈਗ ਰਾਹੀਂ ਚਲਾਨ ਜਾਰੀ ਕੀਤੇ ਜਾ ਸਕਣ। ਇਸ ਦੇ ਲਈ ਟੋਲ ਗੇਟ ਨੂੰ ਇੰਟੈਲੀਜੈਂਟ ਟਰੈਫਿਕ ਮੈਨੇਜਮੈਂਟ ਸਿਸਟਮ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।
ਕਰਨਾਟਕ ਪੁਲਿਸ ਨੇ ਸ਼ਰਾਬ ਪੀ ਕੇ ਡਰਾਈਵਿੰਗ ਨੂੰ ਰੋਕਣ ਲਈ ਸੂਬੇ ਵਿੱਚ 800 ਅਲਕੋਮੀਟਰਾਂ ਦੇ ਨਾਲ 155 ਲੇਜ਼ਰ ਸਪੀਡ ਗਨ ਵੀ ਵੰਡੇ ਹਨ। ਏਡੀਜੀਪੀ ਟਰੈਫਿਕ ਅਤੇ ਰੋਡ ਸੇਫਟੀ ਆਲੋਕ ਕੁਮਾਰ ਨੇ ਕਿਹਾ ਕਿ 1 ਜੁਲਾਈ ਤੋਂ ਪੂਰੇ ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ਨੂੰ ਇੰਟੈਲੀਜੈਂਟ ਟਰੈਫਿਕ ਮੈਨੇਜਮੈਂਟ ਸਿਸਟਮ ਨਾਲ ਲੈਸ ਕੀਤਾ ਜਾਵੇਗਾ। ਇਸ ਸਿਸਟਮ ਨੂੰ ਦਸੰਬਰ 2022 ਵਿੱਚ ਬੈਂਗਲੁਰੂ ਵਿੱਚ ਲਾਂਚ ਕੀਤਾ ਗਿਆ ਸੀ।
ਆਈ. ਟੀ. ਐੱਮ. ਐੱਸ. ਤਕਨਾਲੋਜੀ ਦੇ ਤਹਿਤ, 50 ਪ੍ਰਮੁੱਖ ਜੰਕਸ਼ਨਾਂ 'ਤੇ 250 ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ ਅਤੇ 80 ਰੈੱਡ ਲਾਈਟ ਡਿਟੈਕਸ਼ਨ ਕੈਮਰੇ ਲਗਾਏ ਗਏ ਹਨ। ਮੈਸੂਰ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 1 ਜੁਲਾਈ ਤੋਂ ਚਲਾਨ ਕੱਟਣੇ ਸ਼ੁਰੂ ਹੋ ਜਾਣਗੇ।
ਸੰਬੰਧਤ ਅਧਿਕਾਰੀਆਂ ਦੇ ਮੁਤਾਬਕ ਮੈਸੂਰ ਵਿੱਚ ਟਰੈਫਿਕ ਪ੍ਰਬੰਧਨ ਕੇਂਦਰ ਸਥਾਪਤ ਕੀਤਾ ਗਿਆ ਹੈ। ਜਲਦੀ ਹੀ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਉਸੇ ਵੇਲੇ ਹੀ SMS ਅਲਰਟ ਮਿਲਣੇ ਸ਼ੁਰੂ ਹੋ ਜਾਣਗੇ। ਕੈਮਰਿਆਂ ਦੀ ਮਦਦ ਨਾਲ ਕਈ ਇਲਾਕਿਆਂ 'ਤੇ ਨਜ਼ਰ ਰੱਖੀ ਜਾਵੇਗੀ। ਬੈਂਗਲੁਰੂ ਨੂੰ ਜੋੜਨ ਵਾਲੇ ਸਾਰੇ ਹਾਈਵੇਅ 'ਤੇ ITMS ਲਗਾਏ ਜਾਣਗੇ। ਸਟੇਟ ਰੋਡ ਟਰਾਂਸਪੋਰਟ ਅਥਾਰਟੀ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ਸਰਕਾਰ ਵੱਲੋਂ ਜੁਲਾਈ ਵਿੱਚ ਟੈਂਡਰ ਜਾਰੀ ਕਰਨ ਜਾ ਰਹੀ ਹੈ।
ਰਿਪੋਰਟ ਮੁਤਾਬਕ ਮੀਟਿੰਗ ‘ਚ, ਸੂਬਾ ਪੁਲਸ ਦੇ ਟ੍ਰੈਫਿਕ ਤੇ ਸੜਕ ਸੁਰੱਖਿਆ ਵਿੰਗ ਨੇ ਟੋਲ ਗੇਟਾਂ 'ਤੇ ਚਲਾਨ ਪ੍ਰਣਾਲੀ ਨੂੰ ਫਾਸਟੈਗ ਨਾਲ ਜੋੜਨ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਨਾਲ ਫਾਸਟੈਗ ਵਾਲੇਟ ਤੋਂ ਸਿੱਧਾ ਜੁਰਮਾਨਾ ਕੱਟਿਆ ਜਾ ਸਕਦਾ ਹੈ। ਏਡੀਜੀਪੀ ਨੇ ਇਸਦੀ ਮਨਜ਼ੂਰੀ ਲਈ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੂੰ ਇੱਕ ਪੱਤਰ ਲਿਖਣ ਦੀ ਯੋਜਨਾ ਬਣਾਈ ਹੈ।