ਮੁੜ ਸੱਤਾ ਹਾਸਲ ਕਰਨ ਲਈ ਲੰਬੇ ਮੰਥਨ ਤੋਂ ਬਾਅਦ ਹੋਈ ਹੈ ਇੰਚਾਰਜਾਂ ਦੀ ਨਿਯੁਕਤੀ

Friday, Jun 21, 2024 - 10:36 AM (IST)

ਮੁੜ ਸੱਤਾ ਹਾਸਲ ਕਰਨ ਲਈ ਲੰਬੇ ਮੰਥਨ ਤੋਂ ਬਾਅਦ ਹੋਈ ਹੈ ਇੰਚਾਰਜਾਂ ਦੀ ਨਿਯੁਕਤੀ

ਨੈਸ਼ਨਲ ਡੈਸਕ : ਲੋਕ ਸਭਾ ਚੋਣਾਂ ਦੀ ਖੁਮਾਰੀ ਭਾਵੇਂ ਸਾਰੀਆਂ ਸਿਆਸੀ ਪਾਰਟੀਆਂ ’ਚ ਖ਼ਤਮ ਹੋਣ ਲੱਗੀ ਹੈ ਪਰ ਇਸ ਸਾਲ 4 ਸੂਬਿਆਂ ਮਹਾਰਾਸ਼ਟਰ, ਝਾਰਖੰਡ, ਹਰਿਆਣਾ ਅਤੇ ਜੰਮੂ-ਕਸ਼ਮੀਰ ’ਚ ਹੋਣ ਵਾਲੀਆਂ ਚੋਣਾਂ ਨੇ ਭਾਜਪਾ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਨ੍ਹਾਂ ’ਚ ਖ਼ਾਸ ਕਰਕੇ ਦੋ ਸੂਬੇ ਮਹਾਰਾਸ਼ਟਰ ਅਤੇ ਹਰਿਆਣਾ ਅਜਿਹੇ ਹਨ, ਜਿੱਥੇ ਭਾਜਪਾ ਨੂੰ ਮੁੜ ਆਪਣਾ ਰਾਜ ਸਥਾਪਿਤ ਕਰਨਾ ਵੱਡੀ ਚੁਣੌਤੀ ਹੈ। ਦੋਵਾਂ ਹੀ ਸੂਬਿਆਂ ’ਚ ਭਾਜਪਾ ਨੂੰ ਲੋਕ ਸਭਾ ਚੋਣਾਂ ’ਚ ਭਾਰੀ ਨੁਕਸਾਨ ਝੱਲਣਾ ਪਿਆ ਹੈ। ਇਸ ਲਈ ਭਾਜਪਾ ਨੇ ਇਨ੍ਹਾਂ ਸੂਬਿਆਂ ’ਚ ਇੰਚਾਰਜਾਂ ਦੀ ਨਿਯੁਕਤੀ ਲੰਬੇ ਮੰਥਨ ਤੋਂ ਬਾਅਦ ਕੀਤੀ ਹੈ। ਇਹ ਦੋਵੇਂ ਸੂਬੇ ਅਜਿਹੇ ਹਨ, ਜਿੱਥੇ ਵਿਰੋਧੀ ਧਿਰ ਕੋਲ ਗੁਆਉਣ ਲਈ ਕੁਝ ਨਹੀਂ ਹੈ ਅਤੇ ਭਾਜਪਾ ਆਪਣਾ ਬਣਿਆ ਬਣਾਇਆ ਸਾਮਰਾਜ ਗੁਆ ਸਕਦੀ ਹੈ। 

ਇਹ ਵੀ ਪੜ੍ਹੋ -ਰਾਤ ਨੂੰ ਮਿਲ ਗਿਆ ਸੀ ਪੇਪਰ, ਫੁੱਫੜ ਨੇ ਕਰਵਾਈ ਸੈਟਿੰਗ, NEET ਪੇਪਰ ਲੀਕ ਮਾਮਲੇ 'ਚ ਵਿਦਿਆਰਥੀ ਦਾ ਵੱਡਾ ਖੁਲਾਸਾ

ਹਰਿਆਣਾ ਅਤੇ ਮਹਾਰਾਸ਼ਟਰ ’ਚ ਅਕਤੂਬਰ-ਨਵੰਬਰ ਤੱਕ ਚੋਣਾਂ ਕਰਵਾਈਆਂ ਦਾ ਸਕਦੀਆਂ ਹਨ। ਦੋਵਾਂ ਹੀ ਸੂਬਿਆਂ ’ਚ ਜੰਗ ਜਿੱਤਣ ਲਈ ਮੋਦੀ-ਸ਼ਾਹ ਦੇ ਬੇਹੱਦ ਭਰੋਸੇਮੰਦ ਅਤੇ ਵਾਰ-ਵਾਰ ਅਜ਼ਮਾਏ ਹੋਏ ਰਣਨੀਤੀਕਾਰ ਭੁਪੇਂਦਰ ਯਾਦਵ ਨੂੰ ਮਹਾਰਾਸ਼ਟਰ ਦਾ ਇੰਚਾਰਜ ਬਣਾਇਆ ਗਿਆ ਹੈ, ਜਦਕਿ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਹਰਿਆਣਾ ਦੀ ਕਮਾਨ ਸੌਂਪੀ ਗਈ ਹੈ। ਮਹਾਰਾਸ਼ਟਰ ’ਚ ਜਿਵੇਂ-ਤਿਵੇਂ ਭਾਜਪਾ ਨੇ ਸ਼ਿਵ ਸੈਨਾ ਦੇ ਬਾਗੀ ਏਕਨਾਥ ਸ਼ਿੰਦੇ ਦੀ ਅਗਵਾਈ ’ਚ ਸਰਕਾਰ ਤਾਂ ਬਣਾ ਲਈ ਪਰ ਲੋਕ ਸਭਾ ਦੇ ਚੋਣ ਨਤੀਜਿਆਂ ਨੇ ਭਾਜਪਾ ਨੂੰ ਮੁਸ਼ਕਿਲ ’ਚ ਪਾ ਦਿੱਤਾ ਹੈ। ਭਾਜਪਾ ਦੀ ਪਹਿਲਾਂ ਦੀ ਰਣਨੀਤੀ ਤਹਿਤ ਉਸ ਨੇ ਸੱਤਾ ਤੋਂ ਊਧਵ ਠਾਕਰੇ ਨੂੰ ਬਾਹਰ ਦਾ ਰਸਤਾ ਤਾਂ ਦਿਖਾ ਦਿੱਤਾ ਪਰ ਫਿਲਹਾਲ ਉਹ ਮਜ਼ਬੂਤ ​​ਸਥਿਤੀ ’ਚ ਆ ਗਏ ਹਨ। ਇਸੇ ਤਰ੍ਹਾਂ ਭਾਜਪਾ ਸੂਬੇ ’ਚ ਸ਼ਰਦ ਪਵਾਰ ਦੀ ਐੱਨ. ਸੀ. ਪੀ. ਦਾ ਮੁਲਾਂਕਣ ਕਰਨ ’ਚ ਵੀ ਅਸਫਲ ਰਹੀ।

ਇਹ ਵੀ ਪੜ੍ਹੋ - ਰੂੰਹ ਕੰਬਾਊ ਘਟਨਾ : ਭੈਣ ਦੇ ਸਹੁਰੇ ਘਰ ਮੁੰਡੇ ਨੇ ਵਰ੍ਹਾ ਤਾਂ ਗੋਲੀਆਂ ਦਾ ਮੀਂਹ, ਪ੍ਰੇਮ ਵਿਆਹ ਤੋਂ ਸੀ ਨਾਰਾਜ਼

ਮਹਾਰਾਸ਼ਟਰ ’ਚ ਉਲਝੇ ਹਨ ਸਮੀਕਰਨ
ਐੱਨ. ਸੀ. ਪੀ. ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੂੰ ਹਰਾਉਣ ਲਈ ਪਵਾਰ ਪਰਿਵਾਰ ’ਚੋਂ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਨੂੰ ਬਾਰਾਮਤੀ ਦੇ ਮੈਦਾਨ ਵਿਚ ਉਤਾਰ ਦਿੱਤਾ ਗਿਆ ਪਰ ਸਿੱਕਾ ਤਾਂ ਸ਼ਾਇਦ ਸ਼ਰਦ ਪਵਾਰ ਦਾ ਹੀ ਚੱਲਿਆ। ਸੁਪ੍ਰੀਆ ਸੁਲੇ ਨੇ ਆਪਣੀ ਸੀਟ ਬਰਕਰਾਰ ਰੱਖੀ ਅਤੇ ਬਾਗੀ ਭਤੀਜੇ ਅਜੀਤ ਪਵਾਰ ਦੇ ਹਿੱਸੇ ਵਿਚ ਮਹਾਰਾਸ਼ਟਰ ਦੀ ਸਿਰਫ਼ ਇਕ ਸੀਟ ਆਈ। ਏਕਨਾਥ ਸ਼ਿੰਦੇ ਦੇ ਰੂਪ ’ਚ ਅਸਲੀ ਸ਼ਿਵ ਸੈਨਾ ਦੇ ਨਾਲ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਦੇ ਆਪਣੇ ਖਾਤੇ ਵਿਚ ਮਹਾਰਾਸ਼ਟਰ ਦੀਆਂ 48 ’ਚੋਂ ਸਿਰਫ਼ 9 ਸੀਟਾਂ ਆ ਸਕੀਆਂ। ਅਜਿਹੀ ਹਾਲਤ ’ਚ ਉਲਝੇ ਹੋਏ ਸਮੀਕਰਨਾਂ ਵਿਚਾਲੇ ਭੁਪਿੰਦਰ ਯਾਦਵ ’ਤੇ ਇਕ ਵਾਰ ਮੁੜ ਵੱਡੀ ਜ਼ਿੰਮੇਵਾਰੀ ਆ ਪਈ ਹੈ। 

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਭਾਜਪਾ ਹਰ ਹਾਲਤ ’ਚ ਮਹਾਰਾਸ਼ਟਰ ਵਿਚ ਸੱਤਾ ਬਣਾਈ ਰੱਖਣੀ ਚਾਹੇਗੀ ਪਰ ਉੱਥੋਂ ਦੇ ਲੋਕ ਜੇ ਅੱਗੇ ਵੀ ਊਧਵ ਠਾਕਰੇ ਪ੍ਰਤੀ ਹਮਦਰਦੀ ਰੱਖਦੇ ਹਨ ਤਾਂ ਭਾਜਪਾ ਨੂੰ ਸੱਤਾ ਹਾਸਲ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭੁਪਿੰਦਰ ਯਾਦਵ ਦੇ ਨਾਲ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਮਹਾਰਾਸ਼ਟਰ ਦਾ ਸਹਿ-ਇੰਚਾਰਜ ਬਣਾਇਆ ਗਿਆ ਹੈ। ਮਹਾਰਾਸ਼ਟਰ ਵਿਚ ਮਹਾਯੁਤੀ ਵਿਚ ਵੀ ਫਿਲਹਾਲ ਸਭ ਕੁਝ ਠੀਕ ਨਹੀਂ ਚੱਲ ਰਿਹਾ। ਭਾਜਪਾ, ਸ਼ਿੰਦੇ ਦੀ ਸ਼ਿਵ ਸੈਨਾ ਤੇ ਅਜੀਤ ਪਵਾਰ ਦੀ ਐੱਨ. ਸੀ. ਪੀ. ’ਚ ਖਿੱਚੋਤਾਣ ਚੱਲ ਰਹੀ ਹੈ ਅਤੇ ਇਕ-ਦੂਜੇ ’ਤੇ ਲੋਕ ਸਭਾ ਚੋਣਾਂ ਦੀ ਹਾਰ ਦੇ ਦੋਸ਼ ਲਾਏ ਜਾ ਰਹੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਤਾਂ ਭਾਜਪਾ ਨੂੰ ਇਸ ਗੱਠਜੋੜ ਵਿਚ ਚੱਲ ਰਹੇ ਤਣਾਅ ਨੂੰ ਘੱਟ ਕਰਨਾ ਪਵੇਗਾ, ਉਸ ਤੋਂ ਬਾਅਦ ਹੀ ਕਿਸੇ ਰਣਨੀਤੀ ’ਤੇ ਵਿਚਾਰ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਹਰਿਆਣਾ ’ਚ ਨਵੇਂ ਸੀ. ਐੱਮ. ਦੇ ਨਾਲ ਨਵੀਆਂ ਚੁਣੌਤੀਆਂ
ਮਹਾਰਾਸ਼ਟਰ ਵਾਂਗ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਲਈ ਵੱਡੀ ਮੁਸੀਬਤ ਆਉਣ ਵਾਲੀ ਹੈ। ਭਾਜਪਾ 2014 ਤੋਂ ਹੀ ਹਰਿਆਣਾ ਦੀ ਸੱਤਾ ’ਤੇ ਕਾਬਜ਼ ਹੈ ਪਰ 2019 ’ਚ ਬਹੁਮਤ ਤੋਂ ਖੁੰਝ ਜਾਣ ਤੋਂ ਬਾਅਦ ਉਸ ਨੂੰ ਜੇ. ਜੇ. ਪੀ. ਦੇ ਨੇਤਾ ਦੁਸ਼ਯੰਤ ਚੌਟਾਲਾ ਨਾਲ ਗੱਠਜੋੜ ਦੀ ਸਰਕਾਰ ਬਣਾਉਣੀ ਪਈ ਸੀ। ਹਰਿਆਣਾ ’ਚ ਭਾਜਪਾ ਨੇ ਨਾਇਬ ਸੈਣੀ ਦੇ ਰੂਪ ’ਚ ਮੁੱਖ ਮੰਤਰੀ ਤਾਂ ਪਹਿਲਾਂ ਹੀ ਬਦਲ ਲਿਆ ਹੈ ਅਤੇ ਦੁਸ਼ਯੰਤ ਚੌਟਾਲਾ ਦੇ ਨਾਲ ਗੱਠਜੋੜ ਵੀ ਟੁੱਟ ਚੁੱਕਾ ਹੈ। ਲੋਕ ਸਭਾ ਦੇ ਚੋਣ ਨਤੀਜਿਆਂ ਨੂੰ ਵੇਖਿਆ ਜਾਵੇ ਤਾਂ ਭਾਜਪਾ 10 ਵਿਚੋਂ 5 ਸੀਟਾਂ ਹੀ ਜਿੱਤ ਸਕੀ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਹਿਸਾਬ ਨਾਲ ਭਾਜਪਾ ਨੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਹਰਿਆਣਾ ਦਾ ਇੰਚਾਰਜ ਬਣਾਇਆ ਹੈ, ਜੋ ਹੁਣੇ-ਹੁਣੇ ਓਡਿਸ਼ਾ ’ਚ ਵਰ੍ਹਿਆਂ ਤੋਂ ਚੱਲਦੀ ਆ ਰਹੀ ਬੀਜਦ ਦੀ ਨਵੀਨ ਪਟਨਾਇਕ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨ ’ਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ। ਉਨ੍ਹਾਂ ਦੇ ਨਾਲ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਦੇਬ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਹਰਿਆਣਾ ’ਚ ਆਗਾਮੀ ਚੋਣਾਂ ਵਿਚ ਮੁੱਖ ਤੌਰ ’ਤੇ ਕਾਂਗਰਸ ਸਾਹਮਣੇ ਖੜ੍ਹੀ ਹੈ, ਜੋ ਪਿਛਲੇ 10 ਸਾਲਾਂ ਤੋਂ ਸੱਤਾ ਤੋਂ ਬੇਦਖਲ ਹੈ। ਲੋਕ ਸਭਾ ਦੇ ਚੋਣ ਨਤੀਜਿਆਂ ਤੋਂ ਉਤਸ਼ਾਹਿਤ ਕਾਂਗਰਸ ਨੂੰ ਟੱਕਰ ਦੇਣੀ ਵੱਡੀ ਚੁਣੌਤੀ ਹੈ।

ਇਹ ਵੀ ਪੜ੍ਹੋ - ਉੱਤਰਾਖੰਡ 'ਚ ਵੱਡਾ ਹਾਦਸਾ: 23 ਲੋਕਾਂ ਨੂੰ ਲਿਜਾ ਰਿਹਾ ਟੈਂਪੂ ਟਰੈਵਲਰ ਨਦੀ 'ਚ ਡਿੱਗਾ, ਹੁਣ ਤਕ 12 ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News