ਚਾਚਾ ਸ਼ਰਦ ਦੇ ਚੱਕਰਵਿਊ ’ਚ ਫਸਦਾ ਨਜ਼ਰ ਆ ਰਿਹਾ ਭਤੀਜਾ ਅਜੀਤ ਪਵਾਰ
Sunday, Mar 24, 2024 - 12:12 PM (IST)
ਮਹਾਰਾਸ਼ਟਰ ਦੀ ਸਿਆਸਤ ਦੇ ਚਾਣਕਿਆ ਕਹੇ ਜਾਣ ਵਾਲੇ ਸ਼ਰਦ ਪਵਾਰ ਆਪਣੇ ਬਾਗੀ ਭਤੀਜੇ ਅਜੀਤ ਪਵਾਰ ਨੂੰ ਸਬਕ ਸਿਖਾਉਣ ਲਈ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਏ ਹਨ। ਸ਼ਰਦ ਪਵਾਰ ਦੀ ਸਰਗਰਮੀ ਨਾਲ ਆਪਣੇ ਗੜ੍ਹ ਬਾਰਾਮਤੀ ’ਚ ਹੀ ਉਹ ਇਕੱਲੇ ਪੈਂਦੇ ਨਜ਼ਰ ਆ ਰਹੇ ਹਨ। ਅਸਲ ’ਚ ਅਜੀਤ ਨੇ ਬਾਰਾਮਤੀ ’ਚ ਸੁਪ੍ਰੀਯਾ ਸੂਲੇ ਵਿਰੁੱਧ ਆਪਣੀ ਪਤਨੀ ਸੁਨੇਤਰਾ ਪਵਾਰ ਨੂੰ ਉਮੀਦਵਾਰ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ ਅਤੇ ਪਵਾਰ ਪਰਿਵਾਰ ਅਜੀਤ ਦੀ ਇਸ ਚਾਲ ਨੂੰ ਪਚਾ ਨਹੀਂ ਪਾ ਰਿਹਾ ਹੈ ਅਤੇ ਅਜੀਤ ਪਵਾਰ ਪਰਿਵਾਰ ’ਚ ਹੀ ਇਕੱਲਾ ਪੈ ਗਿਆ ਹੈ। ਪਰਿਵਾਰ ’ਚ ਅਜੀਤ ਦੇ ਹੱਕ ’ਚ ਨਾ ਚਾਚਾ ਨਾਲ ਹੈ, ਨਾ ਭਰਾ-ਭਰਜਾਈ, ਨਾ ਭੂਆ ਅਤੇ ਨਾ ਭਤੀਜੇ। ਉਨ੍ਹਾਂ ਦੇ ਦੋਵੇਂ ਬੇਟਿਆਂ ਅਤੇ ਪਤਨੀ ਸੁਨੇਤਰਾ ਤੋਂ ਇਲਾਵਾ ਕੁਝ ਸਮਰਥਕ ਹੀ ਉਨ੍ਹਾਂ ਦੇ ਨਾਲ ਹਨ।
ਇਹ ਵੀ ਪੜ੍ਹੋ : ਈ-ਕਾਮਰਸ ਪਲੇਟਫਾਰਮ ’ਤੇ ਚੜ੍ਹਿਆ ਆਮ ਚੋਣਾਂ ਦਾ ਬੁਖ਼ਾਰ, ਖੂਬ ਵਿਕ ਰਹੇ ਸਿਆਸੀ ਪਾਰਟੀਆਂ ਨਾਲ ਜੁੜੇ ਉਤਪਾਦ
ਅਜੀਤ ਪਵਾਰ ਵਿਰੁੱਧ ਉਤਰੇ 3 ਹੈਵੀਵੇਟ ਨੇਤਾ
ਸ਼ਰਦ ਪਵਾਰ ਨੇ ਪਰਦੇ ਦੇ ਪਿੱਛੇ ਸਿਆਸਤ ਕਰਦੇ ਹੋਏ ਬਾਰਾਮਤੀ ਦੇ 3 ਹੈਵੀਵੇਟ ਨੇਤਾ ਕਾਂਗਰਸ ਵਿਧਾਇਕ ਸੰਗ੍ਰਾਮ ਥੋਪਟੇ ਅਤੇ ਉਸ ਦਾ ਪਰਿਵਾਰ, ਭਾਜਪਾ ਦੇ ਹਰਸ਼ਵਰਧਨ ਪਾਟਿਲ ਅਤੇ ਉਸ ਦਾ ਪਰਿਵਾਰ ਅਤੇ ਸ਼ਿਵ ਸੈਨਾ ਦੇ ਵਿਜੇ ਸ਼ਿਵਤਰੇ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਜੀਤ ਵਿਰੁੱਧ ਮੈਦਾਨ ’ਚ ਉਤਾਰ ਦਿੱਤਾ ਹੈ। ਅਸਲ ’ਚ ਸ਼ਰਦ ਪਵਾਰ ਹਾਲ ਹੀ ’ਚ ਆਪਣਾ 40 ਸਾਲਾਂ ਦਾ ਵੈਰ ਭੁਲਾ ਕੇ ਥੋਪਟੇ ਪਰਿਵਾਰ ਨੂੰ ਮਿਲਣ ਪਹੁੰਚ ਗਏ ਸਨ। ਇੰਨਾ ਹੀ ਨਹੀਂ ਬਾਰਾਮਤੀ ’ਚ ਵੱਡੀ ਗਿਣਤੀ ਧਨਗਰ ਵੋਟਾਂ ਦੀ ਹੈ ਅਤੇ ਇਨ੍ਹਾਂ ਨੂੰ ਆਪਣੇ ਵੱਲ ਕਰਨ ਲਈ ਸ਼ਰਦ ਧਨਗਰਾਂ ਦੇ ਵੱਡੇ ਨੇਤਾ ਤੇ ਰਾਸ਼ਟਰੀ ਸਮਾਜ ਪਾਰਟੀ ਦੇ ਮੁਖੀ ਮਹਾਦੇਵ ਜਾਨਕਰ ਨੂੰ ਵੀ ਮਿਲ ਚੁੱਕੇ ਹਨ। ਜਾਨਕਰ ਇਸ ਸਮੇਂ ਭਾਜਪਾ ’ਚ ਹਨ ਪਰ ਭਾਜਪਾ ਉਨ੍ਹਾਂ ਨੂੰ ਕੋਈ ਲੋਕ ਸਭਾ ਸੀਟ ਨਹੀਂ ਦੇ ਰਹੀ, ਇਸ ਲਈ ਉਹ ਨਾਰਾਜ਼ ਹਨ। ਉੱਧਰ ਅਜੀਤ ਨੂੰ ਮਾਤ ਦੇਣ ਲਈ ਸ਼ਰਦ ਪਵਾਰ ਉਨ੍ਹਾਂ ਨੂੰ ਸੀਟ ਆਫਰ ਕਰ ਰਹੇ ਹਨ। ਜਾਨਕਰ 2014 ’ਚ ਬਾਰਾਮਤੀ ਤੋਂ ਲੋਕ ਸਭਾ ਸੀਟ ਤੋਂ ਚੋਣ ਲੜ ਚੁੱਕੇ ਹਨ ਅਤੇ ਸੁਪ੍ਰੀਯਾ ਸੂਲੇ ਤੋਂ ਬਾਅਦ ਦੂਜੇ ਨੰਬਰ ’ਤੇ ਰਹੇ ਸਨ।
ਇਹ ਵੀ ਪੜ੍ਹੋ : Paytm-Flipkart ਛੱਡਣ ਵਾਲੇ ਲੋਕਾਂ ਨੇ ਦੇਸ਼ ਨੂੰ ਦਿੱਤੇ 22 ਸਟਾਰਟਅੱਪਸ, 2,500 ਨੂੰ ਦਿੱਤੇ ਰੁਜ਼ਗਾਰ
ਅਜੀਤ ਪਵਾਰ ਨੂੰ ਨਹੀਂ ਮਿਲਿਆ ਉਮੀਦਵਾਰ!
ਬਾਰਾਮਤੀ ਤੋਂ ਬਾਅਦ ਪੁਣੇ ਜ਼ਿਲਾ ਅਜੀਤ ਦਾ ਗੜ੍ਹ ਮੰਨਿਆ ਜਾਂਦਾ ਹੈ। ਪੱਛਮੀ ਮਹਾਰਾਸ਼ਟਰ ’ਚ ਪੁਣੇ ਜ਼ਿਲੇ ਦੀ ਸ਼ਿਰੂਰ ਲੋਕ ਸਭਾ ਸੀਟ ਤੋਂ ਮਰਾਠੀ ਅਭਿਨੇਤਾ ਅਮੋਲ ਕੋਲਹੇ ਸੰਸਦ ਮੈਂਬਰ ਹਨ। ਸੰਸਦ ’ਚ ਉਨ੍ਹਾਂ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ। ਉਨ੍ਹਾਂ ਨੂੰ ਸੰਸਦ ਰਤਨ ਐਵਾਰਡ ਦਿੱਤਾ ਗਿਆ ਹੈ। ਉਹ ਸ਼ਰਦ ਦੇ ਨਾਲ ਹਨ। ਅਜੀਤ ਅਮੋਲ ਕੋਲਹੇ ਨੂੰ ਹਰਾਉਣ ਦਾ ਜਨਤਕ ਐਲਾਨ ਕਰ ਚੁੱਕੇ ਹਨ ਪਰ ਗੌਰ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਅਜੀਤ ਨੂੰ ਸ਼ਿਰੂਰ ਲੋਕ ਸਭਾ ਹਲਕੇ ਲਈ ਐੱਨ. ਸੀ. ਪੀ. ’ਚ ਕੋਈ ਢੰਗ ਦਾ ਤਕੜਾ ਉਮੀਦਵਾਰ ਹੀ ਨਹੀਂ ਮਿਲਿਆ। ਇਸ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਨੇਤਾ ਸ਼ਿਵਾ ਜੀ ਰਾਓ ਅਧਾਲਰਾਓ ਪਾਟਿਲ ਨੂੰ ਐੱਨ. ਸੀ. ਪੀ. ਦੀ ਟਿਕਟ ’ਤੇ ਚੋਣ ਲੜਾਉਣ ਲਈ ਹੱਥ-ਪੈਰ ਮਾਰਨੇ ਪੈ ਰਹੇ ਹਨ।
ਨਿਲੇਸ਼ ਲੰਕੇ ਦੀ ਸ਼ਰਦ ਧੜੇ ’ਚ ਵਾਪਸੀ
ਜਦ ਅਜੀਤ ਨੇ ਸ਼ਰਦ ਨਾਲ ਬਗਾਵਤ ਕੀਤੀ ਸੀ ਤਾਂ ਉੱਤਰ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ ਦੀ ਪਾਰਨੇਰ ਵਿਧਾਨ ਸਭਾ ਸੀਟ ਤੋਂ ਐੱਨ. ਸੀ. ਪੀ. ਦੇ ਵਿਧਾਇਕ ਨਿਲੇਸ਼ ਲੰਕੇ ਵੀ ਅਜੀਤ ਦੇ ਨਾਲ ਚਲੇ ਗਏ ਸੀ ਪਰ ਸ਼ਰਦ ਨੇ ਉਨ੍ਹਾਂ ਨੂੰ ਵਾਪਸ ਮੋੜ ਲਿਆਂਦਾ ਹੈ। ਅਜੀਤ ਨੇ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰੀ ਜਾਣ ਦੀ ਚਿਤਾਵਨੀ ਵੀ ਦਿੱਤੀ ਪਰ ਲੰਕੇ ਅਜੀਤ ਦੇ ਦਬਦਬੇ ਤੋਂ ਬਾਹਰ ਹੈ। ਖਬਰ ਹੈ ਕਿ ਸ਼ਰਦ ਉਨ੍ਹਾਂ ਨੂੰ ਅਹਿਮਦਨਗਰ ਸੀਟ ਤੋਂ ਚੋਣ ਲੜਾਉਣ ਦੀ ਤਿਆਰੀ ’ਚ ਹਨ।
ਅਹਿਮਦਨਗਰ ’ਚ ਮੌਜੂਦਾ ਸੰਸਦ ਮੈਂਬਰ ਸੁਜਾਏ ਵਿਖੇ ਪਾਟਿਲ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਰਦ ਨਾਲ ਪੁਰਾਣੀ ਸਿਆਸੀ ਲੜਾਈ ਹੈ। ਪਵਾਰ ਇਸ ਵਾਰ ਲੰਕੇ ਨੂੰ ਵਿਖੇ ਪਾਟਿਲ ਵਿਰੁੱਧ ਉਤਾਰ ਕੇ ਲੜਾਈ ਨੂੰ ਮਜ਼ੇਦਾਰ ਬਣਾਉਣ ਨਾਲੋਂ ਜ਼ਿਆਦਾ ਅਜੀਤ ਨੂੰ ਮਾਤ ਦੇਣ ਦੀ ਤਾਕ ’ਚ ਹਨ। ਪਵਾਰ ਦਾ ਗਣਿਤ ਅਜੀਤ ਦਾ ਇਕ ਵਿਧਾਇਕ ਘੱਟ ਕਰਨ ਅਤੇ ਵਿਧਾਨ ਸਭਾ ਚੋਣਾਂ ਤੱਕ ਪਾਰਨੇਰ ’ਚ ਲੰਕੇ ਪਰਿਵਾਰ ’ਚੋਂ ਕਿਸੇ ਨੂੰ ਉਮੀਦਵਾਰੀ ਦੇ ਕੇ ਜਿਤਾਉਣ ਦਾ ਹੈ। ਮਰਾਠਵਾੜਾ ਦਾ ਬੀੜ ਜ਼ਿਲਾ ਅਜੀਤ ਪਵਾਰ ਦੇ ਖਾਸਮਖਾਸ ਸਾਥੀ ਧਨੰਜੈ ਮੁੰਡੇ ਦਾ ਖੇਤਰ ਹੈ। ਬੁੱਧਵਾਰ ਨੂੰ ਬੀੜ ਜ਼ਿਲੇ ’ਚ ਅਜੀਤ ਪਵਾਰ ਧੜੇ ਦੇ ਵੱਡੇ ਨੇਤਾ ਬਜਰੰਗ ਸੋਨਵਣੇ ਉਨ੍ਹਾਂ ਦਾ ਸਾਥ ਛੱਡ ਕੇ ਸ਼ਰਦ ਪਵਾਰ ਨਾਲ ਮਿਲ ਗਏ ਹਨ।
ਇਹ ਵੀ ਪੜ੍ਹੋ : ਭਾਜਪਾ ਨੇ ਨਿਫਟੀ, ਸੈਂਸੈਕਸ ਕੰਪਨੀਆਂ ਦੁਆਰਾ ਖਰੀਦੇ ਗਏ 81% ਚੋਣ ਬਾਂਡ ਨੂੰ ਕਰਵਾਇਆ ਕੈਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8