ਵੱਡੀ ਖ਼ਬਰ ; ਨੇਪਾਲ ''ਚ ਭਾਰਤੀਆਂ ਨਾਲ ਭਰੀ ਬੱਸ ''ਤੇ ਹਮਲਾ
Friday, Sep 12, 2025 - 04:20 PM (IST)

ਨੈਸ਼ਨਲ ਡੈਸਕ- ਨੇਪਾਲ 'ਚ ਚੱਲ ਰਹੀ ਅਸ਼ਾਂਤੀ ਦੇ ਦਰਮਿਆਨ ਕਾਠਮੰਡੂ ਸਥਿਤ ਪਸ਼ੁਪਤੀਨਾਥ ਮੰਦਰ ਤੋਂ ਵਾਪਸ ਆ ਰਹੇ ਭਾਰਤੀ ਸੈਲਾਨੀਆਂ ਦੀ ਬੱਸ 'ਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਕਈ ਯਾਤਰੀ ਜਖ਼ਮੀ ਹੋ ਗਏ। ਇਹ ਦਾਅਵਾ ਬੱਸ ਦੇ ਚਾਲਕ ਨੇ ਕੀਤਾ ਹੈ। ਚਾਲਕ ਦੇ ਮੁਤਾਬਕ, ਇਹ ਘਟਨਾ 9 ਸਤੰਬਰ ਨੂੰ ਭਾਰਤ-ਨੇਪਾਲ ਸਰਹੱਦ 'ਤੇ ਸੋਨੌਲੀ ਦੇ ਨੇੜੇ ਵਾਪਰੀ। ਬੱਸ ਵਿੱਚ ਕੁੱਲ 49 ਭਾਰਤੀ ਯਾਤਰੀ ਸਵਾਰ ਸਨ। ਪ੍ਰਦਰਸ਼ਨਕਾਰੀਆਂ ਨੇ ਬੱਸ ‘ਤੇ ਪੱਥਰ ਸੁੱਟੇ, ਜਿਸ ਨਾਲ ਕੱਚ ਟੁੱਟ ਗਏ ਅਤੇ ਔਰਤਾਂ ਤੇ ਬਜ਼ੁਰਗਾਂ ਸਮੇਤ ਕਈ ਲੋਕ ਜਖ਼ਮੀ ਹੋ ਗਏ।
ਖਬਰਾਂ ਅਨੁਸਾਰ, ਜ਼ਖ਼ਮੀਆਂ ਨੂੰ ਕਾਠਮੰਡੂ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਦੋਂ ਕਿ ਬਾਕੀ ਯਾਤਰੀਆਂ ਨੂੰ ਨੇਪਾਲ ਸਰਕਾਰ ਅਤੇ ਭਾਰਤੀ ਦੂਤਘਰ ਦੀ ਮਦਦ ਨਾਲ ਇਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਵਾਪਸ ਭੇਜਿਆ ਗਿਆ। ਸੋਨੌਲੀ ‘ਚ ਬਸ ਚਾਲਕ ਰਾਮੂ ਨਿਸ਼ਾਦ ਨੇ ਮੀਡੀਆ ਨੂੰ ਦੱਸਿਆ,''ਅਸੀਂ ਪਸ਼ੁਪਤੀਨਾਥ ਮੰਦਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸੀ, ਉਦੋਂ ਅਚਾਨਕ ਹੀ ਇਕ ਭੀੜ ਨੇ ਬੱਸ ਨੂੰ ਘੇਰ ਲਿਆ ਅਤੇ ਬਿਨਾਂ ਕਿਸੇ ਕਾਰਨ ਹਮਲਾ ਕਰ ਦਿੱਤਾ। ਯਾਤਰੀਆਂ 'ਚ ਔਰਤਾਂ ਅਤੇ ਬਜ਼ੁਰਗ ਵੀ ਸਨ, ਪਰ ਪ੍ਰਦਰਸ਼ਨਕਾਰੀਆਂ ਨੇ ਇਸ ਦੀ ਪਰਵਾਹ ਨਹੀਂ ਕੀਤੀ।"
ਦੱਸਣਯੋਗ ਹੈ ਕਿ ਨੇਪਾਲ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਨੌਜਵਾਨਾਂ ਦੇ "Gen-Z" ਸਮੂਹ ਨੇ ਵੀਰਵਾਰ ਨੂੰ ਕਿਹਾ ਸੀ ਕਿ ਸੰਸਦ ਨੂੰ ਭੰਗ ਕੀਤਾ ਜਾਣਾ ਚਾਹੀਦਾ ਅਤੇ ਜਨਤਾ ਦੀ ਇੱਛਾ ਅਨੁਸਾਰ ਸੰਵਿਧਾਨ 'ਚ ਸੋਧ ਕੀਤਾ ਜਾਣਾ ਚਾਹੀਦਾ। ਇਨ੍ਹਾਂ ਪ੍ਰਦਰਸ਼ਨਾਂ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 34 ਤੱਕ ਹੋ ਗਈ ਹੈ। ਸਾਲ 1997 ਤੋਂ 2012 ਦਰਮਿਆਨ ਜਨਮੇ ਨੌਜਵਾਨਾਂ ਨੂੰ ਆਮ ਤੌਰ 'ਤੇ 'Gen-Z' ਪੀੜ੍ਹੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8