ਨੇਪਾਲ ਨੇ ਭਾਰਤ ਦੇ ਕਾਲਾਪਾਣੀ ਖੇਤਰ ਨੂੰ ਜਨਗਣਨਾ ਤੋਂ ਕੀਤਾ ਬਾਹਰ
Wednesday, Mar 29, 2023 - 03:22 PM (IST)
ਨਵੀਂ ਦਿੱਲੀ: ਨੇਪਾਲ ਨੇ ਜਨਗਣਨਾ ਨੂੰ ਲੈ ਕੇ ਆਪਣੀ ਅੰਤਿਮ ਰਿਪੋਰਟ ਜਾਰੀ ਕਰ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ 'ਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਕਾਲਾਪਾਣੀ ਖੇਤਰ ਦਾ ਡਾਟਾ ਸ਼ਾਮਲ ਨਹੀਂ ਕੀਤਾ ਗਿਆ ਹੈ। ਇਹ ਅੰਕੜੇ ਗੰਜੀ, ਨਬੀ ਅਤੇ ਕੁਟੀ ਪਿੰਡਾਂ ਨਾਲ ਸਬੰਧਤ ਹਨ, ਜੋ ਭਾਰਤ ਵਾਲੇ ਪਾਸੇ ਪੈਂਦੇ ਹਨ। ਨੇਪਾਲ ਇਸ 'ਤੇ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ। ਸ਼ੁੱਕਰਵਾਰ ਨੂੰ ਜਾਰੀ ਅੰਤਿਮ ਰਿਪੋਰਟ 'ਚ ਕਾਲਾਪਾਣੀ ਦੇ 3 ਪਿੰਡਾਂ ਦਾ ਡਾਟਾ ਗਾਇਬ ਹੈ।
ਅਸਲ ਵਿਚ ਜਨਵਰੀ 2022 ਨੂੰ ਚੀਨ ਦੇ ਪ੍ਰਭਾਵ ਵਿਚ ਆ ਕੇ ਉਸ ਸਮੇਂ ਦੀ ਕੇਪੀ ਸ਼ਰਮਾ ਓਲੀ ਸਰਕਾਰ ਨੇ ਕਾਲਾਪਾਣੀ ਨੂੰ ਆਪਣਾ ਦੱਸਦੇ ਹੋਏ ਮੁੱਦੇ ਨੂੰ ਤੂਲ ਦੇਣ ਲਈ ਇੱਥੇ ਵੀ ਜਨਗਣਨਾ ਟੀਮ ਭੇਜਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਭਾਰਤੀ ਸੁਰੱਖਿਆ ਏਜੰਸੀਆਂ ਸਾਡੀ ਟੀਮ ਨੂੰ ਰੋਕਦੀਆਂ ਹਨ ਤਾਂ ਅਸੀਂ ਸੈਟੇਲਾਈਟ ਅਤੇ ਡਰੋਨ ਦੀ ਵੀ ਮਦਦ ਲਵਾਂਗੇ ਪਰ ਉਨ੍ਹਾਂ ਦਾ ਇਰਾਦਾ ਧਰਿਆ-ਧਰਾਇਆ ਰਹਿ ਗਿਆ। ਨੇਪਾਲ ਵਿਚ ਚੋਣਾਂ ਵਿਚ ਕਰਾਰੀ ਹਾਰ ਦੇ ਬਾਅਦ ਓਲੀ ਸੱਤਾ ਤੋਂ ਬਾਹਰ ਹੋ ਗਏ ਅਤੇ ਨੇਪਾਲੀ ਕਾਂਗਰਸ ਦੀ ਮਦਦ ਨਾਲ ਪੁਸ਼ਪ ਕਮਲ ਦਹਿਲ ਉਰਫ ਪ੍ਰਚੰਡ ਨੇ ਨੇਪਾਲ ਦੀ ਕਮਾਨ ਸੰਭਾਲੀ। ਉਨ੍ਹਾਂ ਨੇ ਖ਼ੁਦ ਸ਼ੁੱਕਰਵਾਰ ਨੂੰ ਜਨਗਣਨਾ ਦੀ ਅੰਤਿਮ ਰਿਪੋਰਟ ਜਾਰੀ ਕੀਤੀ, ਜਿਸ ਵਿਚ ਕਾਲਾਪਾਣੀ ਖੇਤਰ ਦਾ ਕੋਈ ਜ਼ਿਕਰ ਨਹੀਂ ਹੈ।