ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਓਲੀ ਨੇ ਕਾਰਕੀ ਸਰਕਾਰ ’ਤੇ ਲਾਇਆ ਨਿਸ਼ਾਨਾ, ਭਾਰਤ ’ਤੇ ਵੀ ਕੱਸਿਆ ਵਿਅੰਗ
Sunday, Dec 14, 2025 - 09:48 AM (IST)
ਇੰਟਰਨੈਸ਼ਨਲ ਡੈਸਕ- ਨੇਪਾਲ ਦੇ ਅਹੁਦੇ ਤੋਂ ਉਤਾਰੇ ਗਏ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਸ਼ਨੀਵਾਰ ਨੂੰ ਅੰਤਰਿਮ ਕਾਰਕੀ ਸਰਕਾਰ ’ਤੇ ‘ਪੱਖਪਾਤ ਭਰੀਆਂ ਤੇ ਗੈਰ-ਸੰਵਿਧਾਨਕ ਪ੍ਰਥਾਵਾਂ’ ਦਾ ਦੋਸ਼ ਲਾਉਂਦੇ ਹੋਏ ਸਖਤ ਆਲੋਚਨਾ ਕੀਤੀ। ਉਨ੍ਹਾਂ ਬਿਨਾਂ ਨਾਂ ਲਏ ਭਾਰਤ ’ਤੇ ਵੀ ਵਿਅੰਗ ਕੀਤੇ।
ਜੈਨ-ਜ਼ੈੱਡ ਦੀ ਅਗਵਾਈ ’ਚ ਹੋਏ ਵਿਖਾਵਿਆਂ ਤੋਂ ਬਾਅਦ 3 ਮਹੀਨੇ ਪਹਿਲਾਂ ਅਸਤੀਫਾ ਦੇਣ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ ਆਪਣੀ ਪਹਿਲੀ ਜਨਤਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਓਲੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਸੀ. ਪੀ. ਐੱਨ.-ਯੂ. ਐੱਮ. ਐੱਲ. ਦੇਸ਼ ਦੀ ਅਗਵਾਈ ਕਰਨ ਲਈ ਮੁੜ ਮਜ਼ਬੂਤ ਹੋਵੇਗੀ।
ਚੀਨ ਦੇ ਸਮਰਥਕ ਮੰਨੇ ਜਾਂਦੇ ਓਲੀ ਨੇ ਆਪਣੀ ਪਾਰਟੀ ਦੇ 11ਵੇਂ ਸੰਮੇਲਨ ਵਿਚ ਭਾਰਤ ’ਤੇ ਵਿਅੰਗ ਕਰਦੇ ਹੋਏ ਕਈ ਮੁੱਦਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 2015 ’ਚ ਸੰਵਿਧਾਨ ਲਾਗੂ ਕਰਨ ਅਤੇ ਨੇਪਾਲ ਨੂੰ ਚੀਨ ਦੇ ਨਾਲ ਜੋੜ ਕੇ ‘ਭੂਮੀ ਨਾਲ ਘਿਰਿਆ ਦੇਸ਼’ ਬਣਾਉਣ ਦੇ ਸਮਝੌਤਿਆਂ ’ਤੇ ਬਾਹਰੀ ਅਨਸਰਾਂ ਨੂੰ ਇਤਰਾਜ਼ ਹੋਇਆ ਸੀ। ਉਨ੍ਹਾਂ ਆਪਣੀਆਂ ਹੱਦਾਂ ਦੀ ਰਾਖੀ ਕਰਨ ਅਤੇ ਪ੍ਰਭੂਸੱਤਾ ਦਾ ਦਾਅਵਾ ਕਰਨ ਦੇ ਯਤਨਾਂ ’ਤੇ ਆਈਆਂ ਤਿੱਖੀਆਂ ਪ੍ਰਤੀਕਿਰਿਆਵਾਂ ਦਾ ਵੀ ਵਰਣਨ ਕੀਤਾ।
ਇਹ ਸਪਸ਼ਟ ਤੌਰ ’ਤੇ ਕਾਲਾਪਾਨੀ, ਲਿਪੁਲੇਖ ਤੇ ਲਿੰਪੀਆਧੁਰਾ ਖੇਤਰਾਂ ਨੂੰ ਲੈ ਕੇ ਹੋਏ ਵਿਵਾਦ ਵੱਲ ਇਸ਼ਾਰਾ ਸੀ, ਜਿਨ੍ਹਾਂ ’ਤੇ ਭਾਰਤ ਆਪਣਾ ਦਾਅਵਾ ਕਰਦਾ ਹੈ। ਓਲੀ ਨੇ ਅੰਤਰਿਮ ਸਰਕਾਰ ’ਤੇ ਚੋਣਾਂ ਦੇ ਅਨੁਕੂਲ ਮਾਹੌਲ ਬਣਾਉਣ ਦੀ ਬਜਾਏ ਗੈਰ-ਸੰਵਿਧਾਨਕ ਕੰਮਾਂ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ।
