ਨੇਪਾਲ ਨੇ ਪੀ.ਐੱਮ. ਮੋਦੀ ਨੂੰ ''ਸਾਗਰਮਾਥਾ ਡਾਇਲਾਗ'' ਲਈ ਦਿੱਤਾ ਸੱਦਾ

01/24/2020 2:34:06 PM

ਕਾਠਮੰਡੂ/ਨਵੀਂ ਦਿੱਲੀ (ਭਾਸ਼ਾ): ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਯਾਵਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹਨਾਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾਂ 'ਸਾਗਰਮਾਥਾ ਡਾਇਲਾਗ ਫੋਰਮ' ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ। ਇਸ ਡਾਇਲਾਗ ਫੋਰਮ ਦਾ ਆਯੋਜਨ ਇਸ ਸਾਲ ਅਪ੍ਰੈਲ ਵਿਚ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਸਾਗਰਮਾਥਾ ਡਾਇਲਾਗ ਫੋਰਮ ਵਿਚ ਗਲੋਬਲ, ਖੇਤਰੀ ਅਤੇ ਰਾਸ਼ਟਰੀ ਮਹੱਤਵ ਦੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਨੇਪਾਲ ਦੇ ਦੌਰੇ 'ਤੇ ਗਏ ਭਾਰਤੀ ਪੱਤਰਕਾਰਾਂ ਦੇ ਇਕ ਸਮੂਹ ਨੂੰ ਸੰਬੋਧਿਤ ਕਰਦਿਆਂ ਗਿਯਾਵਲੀ ਨੇ ਕਿਹਾ,''ਸਾਗਰਮਾਥਾ ਡਾਇਲਾਗ' ਦਾ ਆਯੋਜਨ 2 ਤੋਂ 4 ਅਪ੍ਰੈਲ ਦੇ ਵਿਚ ਕੀਤਾ ਜਾਵੇਗਾ। ਇਸ ਦਾ ਵਿਸ਼ਾ 'ਜਲਵਾਯੂ ਤਬਦੀਲੀ, ਪਰਬਤ ਅਤੇ ਮਨੁੱਖਤਾ ਦਾ ਭਵਿੱਖ' ਹੋਵੇਗਾ।'' 

ਗਿਯਾਵਲੀ ਨੇ ਦੱਸਿਆ,''ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ ਅਤੇ ਇਸ ਦੀ ਪੁਸ਼ਟੀ ਦਾ ਇੰਤਜ਼ਾਰ ਕਰ ਰਹੇ ਹਾਂ।'' ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ ਸਾਰਕ ਦੇਸ਼ਾਂ ਦੇ ਸਾਰੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਇਹਨਾਂ ਸਾਰੇ ਖੇਤਰੀ ਨੇਤਾਵਾਂ ਦੀ ਮੇਜ਼ਬਾਨੀ ਕਰ ਕੇ ਨੇਪਾਲ ਨੂੰ ਖੁਸ਼ੀ ਹੋਵੇਗੀ। ਇਸ ਵਿਚ ਨੇਤਾ ਖੇਤਰ ਦੇ ਸਾਹਮਣੇ ਪੈਦਾ ਹੋਈਆਂ ਚੁਣੌਤੀਆਂ 'ਤੇ ਚਰਚਾ ਕਰ ਸਕਣਗੇ। ਗਿਯਾਵਲੀ ਨੇ ਦੱਸਿਆ ਕਿ ਦੁਨੀਆ ਦੇ ਸਭ ਤੋਂ ਉੱਚੇ ਪਰਬਤ ਸਾਗਰਮਾਥਾ (ਮਾਊਂਟ ਐਵਰੈਸਟ) ਦੇ ਨਾਮ 'ਤੇ ਇਸ ਪ੍ਰੋਗਰਾਮ ਦਾ ਨਾਮ ' ਸਾਗਰਮਥਾ ਸੰਬਾਦ' (Sagarmatha Sambaad)ਰੱਖਿਆ ਗਿਆ ਹੈ ਜੋ ਦੋਸਤੀ ਦਾ ਪ੍ਰਤੀਕ ਹੈ। 

ਗਿਯਾਵਲੀ ਨੇ ਦੱਸਿਆ ਕਿ ਇਸ ਸੰਬਾਦ ਦਾ ਮੁੱਖ ਉਦੇਸ਼ ਜਲਵਾਯੂ ਸੰਕਟ ਅਤੇ ਇਸ ਦੇ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਲਈ ਰਾਜਨੀਤਕ ਨੇਤਾਵਾਂ ਦੀ ਦ੍ਰਿੜ੍ਹ ਇੱਛਾ ਸ਼ਕਤੀ ਨੂੰ ਵਧਾਵਾ ਦੇਣ ਲਈ ਆਪਸ ਵਿਚ ਇਕ ਆਮ ਸਹਿਮਤੀ ਬਣਾਉਣਾ ਹੈ। ਇੱਥੇ ਦੱਸ ਦਈਏ ਕਿ ਸਾਰਕ ਦੇਸ਼ਾਂ ਵਿਚ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਸ਼ਾਮਲ ਹਨ।


Vandana

Content Editor

Related News