ਨਾ ਕਰਫਿਊ ਨਾ ਦੰਗਾ, ਉੱਤਰ ਪ੍ਰਦੇਸ਼ ''ਚ ਸਭ ਚੰਗਾ : ਯੋਗੀ
Tuesday, May 09, 2023 - 02:59 PM (IST)
ਕਾਨਪੁਰ- ਉੱਤਰ ਪ੍ਰਦੇਸ਼ 'ਚ ਬਾਡੀ ਚੋਣਾਂ ਦੇ ਦੂਜੇ ਪੜਾਅ ਦੇ ਪ੍ਰਚਾਰ ਦੇ ਆਖਰੀ ਦਿਨ ਮੰਗਲਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਕਦੇ ਕਾਨਪੁਰ ਨੂੰ ਕਰਫਿਊ ਲਈ ਜਾਣਿਆ ਜਾਂਦਾ ਸੀ ਪਰ ਹੁਣ ਨਾ ਕਰਫਿਊ ਨਾ ਦੰਗਾ, ਯੂ.ਪੀ. 'ਚ ਸਭ ਚੰਗਾ ਦੇ ਤੌਰ 'ਤੇ ਪ੍ਰਦੇਸ਼ ਭਰ 'ਚ ਵਿਕਾਸ ਲਈ ਆਪਣੀ ਪਛਾਣ ਬਣਾ ਚੁੱਕਾ ਹੈ।
ਕਮਰਸ਼ੀਅਲ ਗ੍ਰਾਊਂਡ ਕਿਦਵਈ ਨਗਰ 'ਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਯੋਗੀ ਨੇ ਕਿਹਾ ਕਿ ਇਕ ਸਮੇਂ ਕਾਨਪੁਰ 'ਚ ਕੱਟੇ ਬਣਦੇ ਸਨ ਅਤੇ ਅੱਜ ਕਾਨਪੁਰ ਡਿਫੈਂਸ ਕਾਰੀਡੋਰ ਦੇ ਰੂਪ 'ਚ ਜਾਣਿਆ ਜਾਂਦਾ ਹੈ। ਦੇਸ਼ ਦੀ ਰੱਖਿਆ ਉਤਪਾਦਨ ਦੇ ਇਕ ਕੇੰਦਰ ਦੇ ਰੂਪ 'ਚ ਆਪਣੀ ਪਛਾਣ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨਪੁਰ ਅੱਜ ਨਵੀਂ ਪਛਾਣ ਲਈ ਅੱਗੇ ਵੱਧ ਰਿਹਾ ਹੈ।
ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਕਦੇ ਕਾਨਪੁਰ ਨੇ ਦੇਸ਼ ਦੇ ਅੰਦਰ ਆਪਣੀ ਅਲੱਗ ਪਛਾਣ ਬਣਾਈ ਸੀ। ਕਾਨਪੁਰ ਦੀ ਪਛਾਣ ਦੇਸ਼ ਦੇ ਟੈਕਸਟਾਈਲ ਦੇ ਨਾਲ ਹੀ ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਨਗਰਾਂ ਦੇ ਰੂਪ 'ਚ ਸੀ ਪਰ ਬੀਤੀਆਂ ਸਰਕਾਰਾਂ ਨੇ ਕਾਨਪੁਰ ਨੂੰ ਹਮੇਸ਼ਾ ਅਣਗੌਲਿਆਂ ਹੀ ਕੀਤਾ ਹੈ। ਪਿਛਲੀਆਂ ਸਰਕਾਰਾਂ ਵੱਲੋਂ ਅਣਗੌਲਿਆਂ ਕੀਤੇ ਜਾਣ ਕਾਰਨ ਇਕੱਲੇ ਸੀਮਾਮਊ 'ਚ 14 ਕਰੋੜ ਲੀਟਰ ਸੀਵਰ ਦਾ ਪਾਣੀ ਮਾਂ ਗੰਗਾ 'ਚ ਸੁੱਟ ਕੇ ਉਨ੍ਹਾਂ ਦੀ ਹੋਂਦ 'ਤੇ ਸਵਾਲ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਭਾਜਪਾ ਦੇ ਹੱਥ ਮਜ਼ਬੂਤ ਕਰਨ ਅਤੇ ਵੱਧ ਤੋਂ ਵੱਧ ਵੋਟ ਪਾ ਕੇ ਭਾਜਪਾ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕਰਨ ਆਇਆ ਹਾਂ ਕਿਉਂਕਿ ਕਾਨਪੁਰ 'ਚ ਦੰਗੇ ਅਤੇ ਕਰਫਿਊ ਲਈ ਉਹ ਲੋਕ ਜ਼ਿੰਮੇਵਾਰ ਸਨ। ਉਹ ਸਪਾ ਦੇ ਉਮੀਦਵਾਰ ਵਜੋਂ ਅੱਗੇ ਆਏ ਹਨ।