ਨੀਟ-ਯੂ. ਜੀ. 2024 ਟੈਸਟ ਨਵੇਂ ਸਿਰੇ ਤੋਂ ਨਹੀਂ ਹੋਵੇਗਾ, SC ਨੇ ਖਾਰਜ ਕੀਤੀ ਸਮੀਖਿਆ ਪਟੀਸ਼ਨ
Thursday, Nov 07, 2024 - 12:35 AM (IST)
ਨਵੀਂ ਦਿੱਲੀ, (ਭਾਸ਼ਾ)– ਸੁਪਰੀਮ ਕੋਰਟ ਨੇ ਨੀਟ-ਯੂ. ਜੀ. 2024 ਟੈਸਟ ਨੂੰ ਲੈ ਕੇ 2 ਅਗਸਤ ਦੇ ਫੈਸਲੇ ਦੀ ਸਮੀਖਿਆ ਦੀ ਅਪੀਲ ਕਰਨ ਵਾਲੀ ਪਟੀਸ਼ਨ ਬੁੱਧਵਾਰ ਨੂੰ ਖਾਰਜ ਕਰ ਦਿੱਤੀ। ਸੁਪਰੀਮ ਕੋਰਟ ਨੇ 2 ਅਗਸਤ ਦੇ ਫੈਸਲੇ ’ਚ ਨੀਟ-ਯੂ. ਜੀ. ਟੈਸਟ ਨਵੇਂ ਸਿਰੇ ਤੋਂ ਕਰਾਉਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਸੀ। ਚੀਫ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਕਾਜਲ ਕੁਮਾਰੀ ਵੱਲੋਂ ਦਾਖਲ ਸਮੀਖਿਆ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਉਸ ਦੇ ਫੈਸਲੇ ’ਚ ਕੋਈ ਤਰੁੱਟੀ ਨਹੀਂ ਸੀ।
ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਖੁੱਲ੍ਹੀ ਅਦਾਲਤ ’ਚ ਸੁਣਵਾਈ ਦੀ ਅਪੀਲ ਨੂੰ ਵੀ ਠੁਕਰਾ ਦਿੱਤਾ। ਸੁਪਰੀਮ ਕੋਰਟ ਨੇ 2 ਅਗਸਤ ਨੂੰ ਦਿੱਤੇ ਫੈਸਲੇ ’ਚ ਕਿਹਾ ਸੀ ਕਿ ਉਹ ਨੀਟ-ਯੂ. ਜੀ. 24 ਨੂੰ ਨਵੇਂ ਸਿਰੇ ਤੋਂ ਆਯੋਜਿਤ ਕਰਨ ਦਾ ਹੁਕਮ ਨਹੀਂ ਦੇ ਸਕਦਾ ਕਿਉਂਕਿ ਉਸ ਦੇ ਰਿਕਾਰਡ ’ਚ ਕੋਈ ਲੋੜੀਂਦੀ ਸਮੱਗਰੀ ਨਹੀਂ ਹੈ ਜੋ ਪ੍ਰਣਾਲੀਗਤ ਲੀਕ ਜਾਂ ਕਦਾਚਾਰ ਦਾ ਸੰਕੇਤ ਦਿੰਦੀ ਹੋਵੇ, ਜਿਸ ਨਾਲ ਟੈਸਟ ਦੀ ਅਖੰਡਤਾ ਨਾਲ ਸਮਝੌਤਾ ਹੋਵੇ।