NEET-UG 2024 ਵਿਵਾਦ: ਸੁਪਰੀਮ ਕੋਰਟ ''ਚ ਹੋਈ ਸੁਣਵਾਈ, ਜੱਜਾਂ ਨੇ ਦਿੱਤਾ ਇਹ ਤਰਕ
Thursday, Jul 18, 2024 - 05:37 PM (IST)
ਨਵੀਂ ਦਿੱਲੀ- ਮੈਡੀਕਲ ਦਾਖਲਾ ਪ੍ਰੀਖਿਆ NEET-UG 2024 ਵਿਵਾਦ ਨੂੰ ਲੈ ਕੇ ਅੱਜ ਯਾਨੀ ਕਿ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਅਹਿਮ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਤਰਕ ਦਿੱਤਾ ਕਿ ਮੈਡੀਕਲ ਦਾਖਲਾ ਪ੍ਰੀਖਿਆ NEET-UG 2024 ਨੂੰ ਨਵੇਂ ਸਿਰੇ ਤੋਂ ਕਰਵਾਉਣ ਲਈ ਇਸ ਗੱਲ ਦਾ ਠੋਸ ਆਧਾਰ ਹੋਣਾ ਚਾਹੀਦਾ ਹੈ ਕਿ ਪੂਰੀ ਪ੍ਰੀਖਿਆ ਦੀ ਅਖੰਡਤਾ ਪ੍ਰਭਾਵਿਤ ਹੋਈ ਹੈ। ਭਾਰਤ ਦੇ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਵਿਵਾਦਪੂਰਨ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ-ਗ੍ਰੈਜੂਏਟ (ਮੈਡੀਕਲ ਦਾਖਲਾ ਪ੍ਰੀਖਿਆ NEET-UG 2024) ਨਾਲ ਸਬੰਧਤ ਪਟੀਸ਼ਨਾਂ 'ਤੇ ਅਹਿਮ ਸੁਣਵਾਈ ਕੀਤੀ। ਬੈਂਚ ਨੇ ਕਿਹਾ ਕਿ ਇਸ ਦੇ ‘ਸਮਾਜਿਕ ਪ੍ਰਭਾਵ’ ਹਨ। ਅਦਾਲਤ ਨੇ NEET-UG ਨਾਲ ਸਬੰਧਤ ਪਟੀਸ਼ਨਾਂ ਤੋਂ ਪਹਿਲਾਂ ਸੂਚੀਬੱਧ ਮਾਮਲਿਆਂ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਅੱਜ ਇਸ ਮਾਮਲੇ ਦੀ ਸੁਣਵਾਈ ਕਰਾਂਗੇ। ਲੱਖਾਂ ਨੌਜਵਾਨ ਵਿਦਿਆਰਥੀ ਇਸ ਦੀ ਉਡੀਕ ਕਰ ਰਹੇ ਹਨ, ਸਾਨੂੰ ਸੁਣਵਾਈ ਕਰਨ ਅਤੇ ਫ਼ੈਸਲੇ ਲੈਣ ਦਿਓ।
ਇਹ ਵੀ ਪੜ੍ਹੋ- NEET-UG ਪ੍ਰੀਖਿਆ ਦੀ ਇਮਾਨਦਾਰੀ 'ਨਸ਼ਟ' ਹੋਈ ਤਾਂ ਮੁੜ ਪ੍ਰੀਖਿਆ ਦਾ ਦੇਣਾ ਪਵੇਗਾ ਆਦੇਸ਼
ਬੈਂਚ ਨੇ ਪ੍ਰੀਖਿਆ ਰੱਦ ਕਰਨ, ਮੁੜ ਪ੍ਰੀਖਿਆ ਕਰਾਉਣ ਅਤੇ 5 ਮਈ ਦੀ ਪ੍ਰੀਖਿਆ ਵਿਚ ਕਥਿਤ ਬੇਨਿਯਮੀਆਂ ਦੀ ਅਦਾਲਤ ਦੀ ਨਿਗਰਾਨੀ ਵਿਚ ਜਾਂਚ ਦੀ ਮੰਗ ਕਰਨ ਵਾਲੇ ਪਟੀਸ਼ਨਰਾਂ ਨੂੰ ਕਿਹਾ ਕਿ ਇਹ ਦਰਸਾਉਣ ਲਈ ਕਿ ਪ੍ਰਸ਼ਨ ਪੱਤਰ "ਵਿਵਸਥਿਤ" ਤਰੀਕੇ ਨਾਲ ਲੀਕ ਕੀਤਾ ਗਿਆ ਅਤੇ ਇਸ ਤੋਂ ਪੂਰੀ ਪ੍ਰੀਖਿਆ 'ਤੇ ਅਸਰ ਪਿਆ, ਇਸ ਲਈ ਇਸ ਨੂੰ ਰੱਦ ਕਰਨਾ ਜ਼ਰੂਰੀ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਮੁੜ ਪ੍ਰੀਖਿਆ ਲਈ ਇਸ ਗੱਲ ਦਾ ਠੋਸ ਆਧਾਰ ਹੋਣਾ ਚਾਹੀਦਾ ਹੈ ਕਿ ਪੂਰੀ ਪ੍ਰੀਖਿਆ ਦੀ ਅਖੰਡਤਾ ਪ੍ਰਭਾਵਿਤ ਹੋਈ ਹੈ। ਇਸ ਮਾਮਲੇ ਦੀ ਜਾਂਚ ਦੇ ਮੁੱਦੇ 'ਤੇ ਬੈਂਚ ਨੇ ਕਿਹਾ ਕਿ ਸੀ. ਬੀ. ਆਈ. ਜਾਂਚ ਕਰ ਰਹੀ ਹੈ। ਸੀ. ਬੀ. ਆਈ. ਨੇ ਸਾਨੂੰ ਜੋ ਦੱਸਿਆ ਹੈ, ਜੇਕਰ ਉਸ ਦਾ ਖੁਲਾਸਾ ਕਰ ਦਿੱਤਾ ਜਾਂਦਾ ਹੈ ਤਾਂ ਇਸ ਤੋਂ ਜਾਂਚ ਪ੍ਰਭਾਵਿਤ ਹੋਵੇਗੀ। ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ।
ਇਹ ਵੀ ਪੜ੍ਹੋ- NTA ਨੇ NEET-UG ਲਈ ਮੁੜ ਪ੍ਰੀਖਿਆ ਦੇ ਨਤੀਜੇ ਐਲਾਨੇ; ਸੋਧੀ ਗਈ ਰੈਂਕ ਸੂਚੀ ਜਾਰੀ, ਇੰਝ ਵੇਖੋ ਸਕੋਰ ਕਾਰਡ
ਦੱਸ ਦੇਈਏ ਕਿ ਸੁਪਰੀਮ ਕੋਰਟ 40 ਤੋਂ ਵੱਧ ਪਟੀਸ਼ਨਾਂ 'ਤੇ ਸੁਣਵਾਈ ਕਰ ਰਿਹਾ ਹੈ। ਇਨ੍ਹਾਂ ਵਿਚ ਨੈਸ਼ਨਲ ਟੈਸਟਿੰਗ ਏਜੰਸੀ (NTA) ਦੀ ਇਕ ਪਟੀਸ਼ਨ ਵੀ ਸ਼ਾਮਲ ਹੈ, ਜਿਸ ਵਿਚ ਉਸ ਨੇ ਪ੍ਰੀਖਿਆ 'ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਵੱਖ-ਵੱਖ ਹਾਈ ਕੋਰਟਾਂ ਵਿਚ ਇਸ ਦੇ ਵਿਰੁੱਧ ਪੈਂਡਿੰਗ ਪਏ ਕੇਸਾਂ ਨੂੰ ਸੁਪਰੀਮ ਕੋਰਟ ਵਿਚ ਟਰਾਂਸਫ਼ਰ ਕਰਨ ਦੀ ਬੇਨਤੀ ਕੀਤੀ ਹੈ। ਸੁਪਰੀਮ ਕੋਰਟ ਨੇ 11 ਜੁਲਾਈ ਨੂੰ NEET-UG 2024 ਨਾਲ ਜੁੜੀਆਂ ਪਟੀਸ਼ਨਾਂ 'ਤੇ ਸੁਣਵਾਈ 18 ਜੁਲਾਈ ਤੱਕ ਟਾਲ ਦਿੱਤੀ ਸੀ। ਇਨ੍ਹਾਂ ਪਟੀਸ਼ਨਾਂ ਵਿਚ NEET-UG 2024 ਦੇ ਆਯੋਜਨ ਵਿਚ ਬੇਨਿਯਮੀਆਂ ਅਤੇ ਗਲਤ ਵਿਹਾਰਾਂ ਦੀ ਜਾਂਚ ਕਰਨ, ਪ੍ਰੀਖਿਆ ਨੂੰ ਰੱਦ ਕਰਨ ਅਤੇ ਪ੍ਰੀਖਿਆ ਨਵੇਂ ਸਿਰੇ ਤੋਂ ਕਰਾਉਣ ਦੇ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਘੱਟ ਨਹੀਂ ਹੋ ਰਹੀਆਂ ਟਰੇਨੀ IAS ਪੂਜਾ ਦੀਆਂ ਮੁਸ਼ਕਲਾਂ; ਮਾਂ ਮਨੋਰਮਾ ਪੁਲਸ ਹਿਰਾਸਤ 'ਚ
ਕੀ ਹੈ ਪੂਰਾ ਮਾਮਲਾ
ਦਰਅਸਲ 5 ਮਈ ਨੂੰ 23.33 ਲੱਖ ਤੋਂ ਵੱਧ ਵਿਦਿਆਰਥੀਆਂ ਨੇ 571 ਸ਼ਹਿਰਾਂ ਦੇ 4,750 ਕੇਂਦਰਾਂ 'ਤੇ NEET-UG ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਸ਼ਹਿਰਾਂ ਵਿਚ 14 ਵਿਦੇਸ਼ੀ ਵੀ ਸ਼ਾਮਲ ਸਨ। ਕੇਂਦਰ ਅਤੇ NTA ਨੇ ਸੁਪਰੀਮ ਕੋਰਟ 'ਚ ਦਾਖ਼ਲ ਆਪਣੇ ਹਲਫ਼ਨਾਮਿਆਂ 'ਚ ਕਿਹਾ ਸੀ ਕਿ ਵੱਡੇ ਪੱਧਰ 'ਤੇ ਗੁਪਤਤਾ ਦੀ ਉਲੰਘਣਾ ਦੇ ਕਿਸੇ ਸਬੂਤ ਦੀ ਘਾਟ ਵਿਚ ਪ੍ਰੀਖਿਆ ਨੂੰ ਰੱਦ ਕਰਨਾ ਪੱਖਪਾਤੀ ਹੋਵੇਗਾ ਅਤੇ ਲੱਖਾ ਈਮਾਨਦਾਰ ਉਮੀਦਵਾਰਾਂ ਨੂੰ ਗੰਭੀਰ ਰੂਪ ਨਾਲ ਖਤਰੇ ਵਿਚ ਪਾਵੇਗਾ। ਦੱਸ ਦੇਈਏ ਕਿ ਦੇਸ਼ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿਚ MBBS, BDS, AYUSH ਅਤੇ ਹੋਰ ਸਬੰਧਤ ਕੋਰਸਾਂ ਵਿਚ ਦਾਖਲੇ ਲਈ NTA ਵਲੋਂ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ-ਅੰਡਰ ਗ੍ਰੈਜੂਏਟ (NEET-UG) ਪ੍ਰੀਖਿਆ ਆਯੋਜਿਤ ਕੀਤੀ ਜਾਂਦੀ ਹੈ।