ਗਾਂ ਨੂੰ ਸੁਰੱਖਿਅਤ ਰਾਸ਼ਟਰੀ ਪਸ਼ੂ ਐਲਾਨਣ ਦੀ ਜ਼ਰੂਰਤ, ਕੇਂਦਰ ਸਰਕਾਰ ਛੇਤੀ ਲਵੇ ਫ਼ੈਸਲਾ: ਹਾਈ ਕੋਰਟ
Sunday, Mar 05, 2023 - 10:12 AM (IST)
ਲਖਨਊ- ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਕਿਹਾ ਹੈ ਕਿ ਗਾਂ ਨੂੰ ਸੁਰੱਖਿਅਤ ਰਾਸ਼ਟਰੀ ਪਸ਼ੂ ਐਲਾਨੇ ਜਾਣ ਦੀ ਜ਼ਰੂਰਤ ਹੈ। ਕੋਰਟ ਨੇ ਕਿਹਾ ਹੈ ਕਿ ਲਗਾਤਾਰ ਇਸ ਦੀ ਮੰਗ ਹੋ ਰਹੀ ਹੈ ਅਤੇ ਗਊ ਹੱਤਿਆ ਰੋਕਣ ਲਈ ਕੇਂਦਰ ਸਰਕਾਰ ਪ੍ਰਭਾਵੀ ਫ਼ੈਸਲਾ ਲਵੇ। ਕੋਰਟ ਦੇ ਇਸ ਅਹਿਮ ਫ਼ੈਸਲੇ ਤੋਂ ਬਾਅਦ ਕੇਂਦਰ ਸਰਕਾਰ ਛੇਤੀ ਗਾਂ ਨੂੰ ਸੁਰੱਖਿਅਤ ਰਾਸ਼ਟਰੀ ਪਸ਼ੂ ਐਲਾਨ ਕਰ ਸਕਦੀ ਹੈ।
ਦੱਸਣਯੋਗ ਹੈ ਕਿ ਜਸਟਿਸ ਸ਼ਮੀਮ ਅਹਿਮਦ ਦੀ ਸਿੰਗਲ ਬੈਂਚ ਨੇ ਕਿਹਾ ਹੈ ਕਿ ਦੇਸ਼ ’ਚ ਸਾਰੇ ਧਰਮਾਂ ਦੇ ਸਨਮਾਨ ਦੇ ਨਾਲ ਹਿੰਦੂਆਂ ’ਚ ਗਾਂ ਨੂੰ ਰੱਬ ਦਾ ਦੂਤ ਹੋਣ ਦੀ ਆਸਥਾ ਹੈ। ਹਿੰਦੂ ਧਰਮ ’ਚ ਗਾਂ ਨੂੰ ਪਸ਼ੂਆਂ ’ਚ ਸਭ ਤੋਂ ਪਵਿੱਤਰ ਮੰਨਿਆ ਗਿਆ ਹੈ। ਸਾਰੀਆਂ ਕਾਮਨਾਵਾਂ ਦੀ ਪੂਰਤੀ ਕਰਨ ਵਾਲੀ ਕਾਮਧੇਨੂ ਦੇ ਰੂਪ ’ਚ ਵੀ ਇਸ ਨੂੰ ਪੂਜਿਆ ਜਾਂਦਾ ਹੈ। ਇਸ ਦੇ ਪੈਰ ਚਾਰੇ ਵੇਦ, ਥਣਾਂ ਨੂੰ ਧਰਮ, ਅਰਥ, ਕਾਮ, ਮੁਕਤੀ ਦੇ ਰੂਪ ’ਚ 4 ਪੁਰਸ਼ਾਰਥ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪੁਰਾਣਾਂ ’ਚ ਵੀ ਗਊ ਦਾਨ ਨੂੰ ਸਰਵੋਤਮ ਕਿਹਾ ਗਿਆ ਹੈ। ਇਸ ਲਈ ਗਾਂ ਨੂੰ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ।
ਹਾਈ ਕੋਰਟ ਦੇ ਜਸਟਿਸ ਸ਼ਮੀਮ ਅਹਿਮਦ ਦੀ ਸਿੰਗਲ ਬੈਂਚ ਨੇ ਕਿਹਾ ਕਿ ਵੈਦਿਕ ਕਾਲ ਤੋਂ ਹੀ ਭਾਰਤ ’ਚ ਗਾਂ ਨੂੰ ਮਾਤਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਾਂ ਅਤੇ ਗੌਵੰਸ਼ ਦਾ ਵੈਦਿਕ ਕਾਲ ਤੋਂ ਲੈ ਕੇ ਮਨੂੰ ਸਮ੍ਰਿਤੀ, ਮਹਾਭਾਰਤ, ਰਾਮਾਇਣ ’ਚ ਵਰਣਨ ਕੀਤੇ ਧਾਰਮਿਕ ਮਹੱਤਵ ਦੇ ਨਾਲ ਹੀ ਵਿਆਪਕ ਆਰਥਿਕ ਮਹੱਤਵ ਵੀ ਹੈ। ਗਾਂ ਤੋਂ ਮਿਲਣ ਵਾਲੇ ਪਦਾਰਥਾਂ ਨਾਲ ਪੰਚਗਵਿਆ ਤੱਕ ਬਣਦਾ ਹੈ। ਭਗਵਾਨ ਰਾਮ ਦੇ ਵਿਆਹ ’ਚ ਵੀ ਗਊਆਂ ਨੂੰ ਤੋਹਫ਼ੇ ’ਚ ਦੇਣ ਦਾ ਵਰਣਨ ਹੈ। ਕੋਰਟ ਨੇ ਕਿਹਾ ਕਿ ਦੇਸ਼ ’ਚ ਲਗਾਤਾਰ ਗੌਵੰਸ਼ ਦੀ ਹਿਫਾਜ਼ਤ ਦੀ ਮੰਗ ਹੋ ਰਹੀ ਹੈ। ਇਸ ਲਈ ਕੇਂਦਰ ਸਰਕਾਰ ਗਊ ਹੱਤਿਆ ’ਤੇ ਰੋਕ ਲਾਉਣ ਦਾ ਫ਼ੈਸਲਾ ਲਵੇ ਅਤੇ ਦੇਸ਼ ’ਚ ਗਊ ਮਾਤਾ ਨੂੰ ਸੁਰੱਖਿਅਤ ਰਾਸ਼ਟਰੀ ਪਸ਼ੂ ਐਲਾਨ ਕਰੇ।