ਦੇਸ਼ ’ਚ ਬਰਡ ਫਲੂ ਦਾ ਕਹਿਰ: ਦੇਹਰਾਦੂਨ, ਰਿਸ਼ੀਕੇਸ਼ ’ਚ ਕਰੀਬ 200 ਪੰਛੀ ਮਿਲੇ ਮਿ੍ਰਤਕ

01/11/2021 2:07:20 PM

ਦੇਹਰਾਦੂਨ (ਭਾਸ਼ਾ)— ਦੇਸ਼ ਦੇ ਕਈ ਸੂਬਿਆਂ ਵਿਚ ਬਰਡ ਫਲੂ ਦੇ ਖ਼ਤਰੇ ਦਰਮਿਆਨ ਉੱਤਰਾਖੰਡ ਦੇ ਦੇਹਰਾਦੂਨ ਅਤੇ ਰਿਸ਼ੀਕੇਸ਼ ’ਚ ਕਈ ਕਾਵਾਂ ਸਮੇਤ 200 ਪੰਛੀ ਮਿ੍ਰਤਕ ਮਿਲੇ ਹਨ। ਦੇਹਰਾਦੂਨ ਦੇ ਵੱਖ-ਵੱਖ ਹਿੱਸਿਆਂ ਵਿਚ 165 ਪੰਛੀ ਮਿ੍ਰਤਕ ਮਿਲੇ ਹਨ, ਜਿਨ੍ਹਾਂ ਵਿਚੋਂ ਇਕੱਲੇ ਭੰਡਾਰੀ ਬਾਗ ਖੇਤਰ ’ਚ 121 ਕਾਂ ਮਿ੍ਰਤਕ ਮਿਲੇ ਹਨ। ਜੰਗਲਾਤ ਮਹਿਕਮੇ ਦੇ ਅਧਿਕਾਰੀ ਰਾਜੀਵ ਧੀਮਾਨ ਨੇ ਦੱਸਿਆ ਕਿ ਦੇਹਰਾਦੂਨ ’ਚ ਮਿ੍ਰਤਕ ਮਿਲੇ ਪੰਛੀਆਂ ’ਚੋਂ 162 ਕਾਂ, ਦੋ ਕਬੂਤਰ ਅਤੇ ਇਕ ਹੋਰ ਪੰਛੀ ਸ਼ਾਮਲ ਹਨ। ਮੁੱਖ ਜੰਗਲੀ ਜੀਵ ਸਰਪ੍ਰਸਤ ਜੇ. ਐੱਸ. ਸੁਹਾਗ ਨੇ ਦੱਸਿਆ ਕਿ ਪੰਛੀਆਂ ਦੀ ਮੌਤ ਦੀ ਵਜ੍ਹਾ ਜਾਣਨ ਲਈ ਉਨ੍ਹਾਂ ਦੇ ਨਮੂਨੇ ਉੱਤਰ ਪ੍ਰਦੇਸ਼ ਦੇ ਬਰੇਲੀ ਸਥਿਤ ਭਾਰਤੀ ਪਸ਼ੂਆਂ ਦੇ ਇਲਾਜ ਸਬੰਧੀ ਖੋਜ ਸੰਸਥਾ ਨੂੰ ਭੇਜੇ ਗਏ ਹਨ। 

ਰਿਸ਼ੀਕੇਸ਼ ਅਤੇ ਉਸ ਦੇ ਆਲੇ-ਦੁਆਲੇ ਵੀ ਵੱਖ-ਵੱਖ ਥਾਵਾਂ ’ਤੇ 30 ਤੋਂ ਵਧੇਰੇ ਪੰਛੀ ਮਿ੍ਰਤਕ ਮਿਲੇ ਹਨ, ਜਿਸ ਨਾਲ ਸ਼ਹਿਰ ਵਿਚ ਬਰਡ ਫਲੂ ਦੀ ਦਹਿਸ਼ਤ ਫੈਲ ਗਈ ਹੈ। ਰਿਸ਼ੀਕੇਸ਼ ਦੇ ਸਰਕਾਰੀ ਪਸ਼ੂਆਂ ਦੇ ਡਾਕਟਰ ਰਾਜੇਸ਼ ਰਤੂੜੀ ਨੇ ਦੱਸਿਆ ਕਿ ਏਮਜ਼ ਰਿਸ਼ੀਕੇਸ਼ ਦੇ ਕੰਪਲੈਕਸ ਵਿਚ 28 ਕਾਵਾਂ ਅਤੇ ਇਕ ਕਬੂਤਰ ਮਿ੍ਰਤਕ ਮਿਲੇ ਹਨ। ਉਨ੍ਹਾਂ ਦੱਸਿਆ ਕਿ ਮਿ੍ਰਤਕ ਪੰਛੀਆਂ ਦੇ ਨਮੂਨੇ ਇਕੱਠੇ ਕਰ ਕੇ ਸਬੰਧਤ ਜੰਗਲਾਤ ਖੇਤਰ ਦੇ ਅਧਿਕਾਰੀਆਂ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ। ਉੱਤਰਾਖੰਡ ਦੇ ਇਕ ਵੱਡੇ ਸੈਰ-ਸਪਾਟਾ ਵਾਲੀ ਥਾਂ ਰਿਸ਼ੀਕੇਸ਼ ’ਚ ਬਰਡ ਫਲੂ ਦੇ ਖ਼ਦਸ਼ੇ ਕਾਰਨ ਰਿਸ਼ੀਕੇਸ਼ ਨਗਰ ਨਿਗਮ ਵੀ ਚੌਕਸ ਹੋ ਗਿਆ ਹੈ। 


Tanu

Content Editor

Related News