ਐੱਨ. ਡੀ. ਏ. ਲਈ 38 ਪਾਰਟੀਆਂ ਕਾਫੀ ਨਹੀਂ... ਯੇ ਦਿਲ ਮਾਂਗੇ ਮੋਰ

Tuesday, Jul 25, 2023 - 01:12 PM (IST)

ਐੱਨ. ਡੀ. ਏ. ਲਈ 38 ਪਾਰਟੀਆਂ ਕਾਫੀ ਨਹੀਂ... ਯੇ ਦਿਲ ਮਾਂਗੇ ਮੋਰ

ਨਵੀਂ ਦਿੱਲੀ- ਅਜਿਹਾ ਲਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਧ ਤੋਂ ਵੱਧ ਹੋਰ ਪਾਰਟੀਆਂ ਨੂੰ ਐੱਨ. ਡੀ. ਏ. ਵਿੱਚ ਸ਼ਾਮਲ ਕਰਨ ਲਈ ਉਤਸੁਕ ਹਨ ਕਿਉਂਕਿ ਉਹ ਵੱਡੀਆਂ ਜਾਂ ਛੋਟੀਆਂ, ਮਾਨਤਾ ਪ੍ਰਾਪਤ ਜਾਂ ਗੈਰ ਮਾਨਤਾ ਪ੍ਰਾਪਤ 38 ਪਾਰਟੀਆਂ ਨੂੰ ਇਕੱਠਾ ਕਰਨ ’ਤੇ ਅਜੇ ਸੰਤੁਸ਼ਟ ਨਹੀਂ ਹਨ। ਜੇ ਭਾਜਪਾ ਹੈੱਡਕੁਆਰਟਰ ਤੋਂ ਆ ਰਹੀਆਂ ਖਬਰਾਂ ਨੂੰ ਸੰਕੇਤ ਮੰਨਿਆ ਜਾਏ ਤਾਂ 5 ਹੋਰ ਪਾਰਟੀਆਂ ਐੱਨ. ਡੀ. ਏ. ਵਿੱਚ ਸ਼ਾਮਲ ਹੋਣਗੀਆਂ। ਉਨ੍ਹਾਂ ਨੂੰ ਲਿਆਉਣ ਲਈ ਗੱਲਬਾਤ ਜਾਰੀ ਹੈ।

ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵਗੌੜਾ ਦੀ ਅਗਵਾਈ ਵਾਲੀ ਜਨਤਾ ਦਲ (ਐੱਸ) ਪਹਿਲਾਂ ਹੀ ਕਹਿ ਚੁੱਕੀ ਹੈ ਕਿ ਜੇ ਕਾਂਗਰਸ ਪਾਰਟੀ ਉਸ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰਦੀ ਹੈ ਤਾਂ ਉਹ ਐੱਨ. ਡੀ. ਏ. ਵਿੱਚ ਸ਼ਾਮਲ ਹੋਵੇਗੀ।

ਭਾਜਪਾ ਵਿਕਾਸਸ਼ੀਲ ਇੰਸਾਨ ਪਾਰਟੀ (ਵੀ. ਆਈ. ਪੀ.) ਦੇ ਪ੍ਰਧਾਨ ਮੁਕੇਸ਼ ਸਾਹਨੀ ਨੂੰ ਐਨ. ਡੀ. ਏ. ਵਿੱਚ ਮੁੜ ਸ਼ਾਮਲ ਹੋਣ ਲਈ ਮਨਾ ਰਹੀ ਹੈ, ਜਦਕਿ ਭਾਜਪਾ ਨੇ ਬਿਹਾਰ ਵਿਧਾਨ ਸਭਾ ’ਚ ਉਸ ਦੇ 4 'ਚੋਂ 3 ਵਿਧਾਇਕਾਂ ਨੂੰ ਪਹਿਲਾਂ ਹੀ ਖੋਹ ਲਿਆ ਹੈ। ਮੁਕੇਸ਼ ਸਾਹਨੀ ਵੀ ਐਨ. ਡੀ. ਏ. ’ਚ ਵਾਪਸੀ ਦੇ ਇਛੁਕ ਦਿਸ ਰਹੇ ਹਨ।

ਬਿਨਾਂ ਕਿਸੇ ਵਿਧਾਇਕ ਜਾਂ ਸੰਸਦ ਮੈਂਬਰ ਦੇ ਕੇਸ਼ਵ ਦੇਵ ਮੌਰਿਆ ਦੀ ਅਗਵਾਈ ਵਾਲੇ ‘ਮਹਾਨ ਦਲ’ ਨੂੰ ਵੀ ਕੁਝ ਐੱਸ. ਸੀ./ਓ. ਬੀ. ਸੀ. ਵੋਟਾਂ ਆਪਣੀ ਜੇਬ ਵਿੱਚ ਪਾਉਣ ਲਈ ਐਨ. ਡੀ. ਏ ’ਚ ਸ਼ਾਮਲ ਕੀਤਾ ਜਾ ਰਿਹਾ ਹੈ।

ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਜਪਾ ਲੀਡਰਸ਼ਿਪ ਨੇ ਹਰਿਆਣਾ ਜਨਹਿੱਤ ਪਾਰਟੀ ਦੇ ਆਗੂ ਗੋਪਾਲ ਕਾਂਡਾ ਨੂੰ ਸੱਦਾ ਦਿੱਤਾ ਹੈ ਜੋ ਵਿਧਾਨ ਸਭਾ ਵਿੱਚ ਵਿਧਾਇਕ ਹਨ। ਉਹ ਇੱਕ ਏਅਰ ਹੋਸਟੈੱਸ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਕਾਂਡਾ ਖੁਦ ਐੱਨ. ਡੀ. ਏ. ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਪਰ ਉਨ੍ਹਾਂ ਆਪਣਾ ਪ੍ਰਤੀਨਿਧੀ ਭੇਜਿਆ ਸੀ। ਉਨ੍ਹਾਂ ਦੀ ਪਾਰਟੀ ਦਾ ਨਾਂ 38 ਪਾਰਟੀਆਂ ਦੀ ਸੂਚੀ ਵਿੱਚ ਨਹੀਂ ਸੀ ਪਰ ਦੱਸਿਆ ਗਿਆ ਹੈ ਕਿ ਉਹ ਐਨ. ਡੀ. ਏ. ਦਾ ਹਿੱਸਾ ਹਨ। ਪੰਜਾਬ, ਆਂਧਰਾ, ਤੇਲੰਗਾਨਾ ਅਤੇ ਹੋਰ ਸੂਬਿਆਂ ਤੋਂ ਵੀ ਵਧੇਰੇ ਪਾਰਟੀਆਂ ਨੂੰ ਐਨ. ਡੀ. ਏ. ’ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Rakesh

Content Editor

Related News