NCR ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸਭਾ ’ਚ ਪਾਸ
Wednesday, Aug 04, 2021 - 04:10 PM (IST)
ਨਵੀਂ ਦਿੱਲੀ— ਲੋਕ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਅਤੇ ਨਾਅਰੇਬਾਜ਼ੀ ਦਰਮਿਆਨ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਦੇ ਮਕਸਦ ਨਾਲ ਕਮਿਸ਼ਨ ਦੇ ਗਠਨ ਦੇ ਪ੍ਰਬੰਧ ਵਾਲਾ ਬਿੱਲ ਅੱਜ ਪਾਸ ਹੋ ਗਿਆ। ਇਸ ਤੋਂ ਬਾਅਦ ਸਦਨ ’ਚ ਰੌਲੇ-ਰੱਪੇ, ਨਾਅਰੇਬਾਜ਼ੀ ਅਤੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਸਾਢੇ ਤਿੰਨ ਵਜੇ ਤੱਕ ਮੁਲਵਤੀ ਕਰ ਦਿੱਤੀ ਗਈ। ਮੈਂਬਰ ਹੱਥਾਂ ਵਿਚ ਕਿਸਾਨਾਂ ਦੇ ਮੁੱਦੇ, ਪੈਗਾਸਸ ਜਾਸੂਸੀ ਅਤੇ ਮਹਿੰਗਾਈ ਨਾਲ ਜੁੜੇ ਵੱਖ-ਵੱਖ ਪ੍ਰਕਾਰ ਦੇ ਨਾਅਰੇ ਲਿਖੀਆਂ ਤਖ਼ਤੀਆਂ ਸਨ, ਜੋ ਕਿ ਸਪੀਕਰ ਦੇ ਆਸਨ ਤੱਕ ਪਹੁੰਚ ਗਏ।
ਓਧਰ ਸਭਾਪਤੀ ਰਾਜਿੰਦਰ ਅਗਰਵਾਲ ਨੇ ਮੈਂਬਰਾਂ ਨੂੰ ਆਪਣੀ-ਆਪਣੀ ਸੀਟ ’ਤੇ ਜਾਣ ਦੀ ਬੇਨਤੀ ਕੀਤੀ ਪਰ ਉਹ ਨਹੀਂ ਮੰਨੇ ਅਤੇ ਨਾਅਰੇਬਾਜ਼ੀ ਕਰਦੇ ਰਹੇ। ਅਗਰਵਾਲ ਨੇ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਦਾ ਨਾਂ ਲਿਆ। ਜਿਨ੍ਹਾਂ ਨੇ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਨੇੜਲੇ ਖੇਤਰਾਂ ਵਿਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ 2021 (ਹਵਾ ਗੁਣਵੱਤਾ ਪ੍ਰਬੰਧ ਕਮਿਸ਼ਨ ਬਿੱਲ 2021) ਨੂੰ ਸਦਨ ਵਿਚ ਵਿਚਾਰ ਅਤੇ ਪਾਸ ਕਰਨ ਲਈ ਪੇਸ਼ ਕੀਤਾ।
ਭੁਪਿੰਦਰ ਯਾਦਵ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਹਵਾ ਦੀ ਗੁਣਵੱਤਾ ਨੂੰ ਕੰਟਰੋਲ ਕਰਨ ਅਤੇ ਪ੍ਰਦੂਸ਼ਣ ’ਤੇ ਰੋਕ ਲਾਉਣ ਦੇ ਉਪਾਵਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਇਸ ਕਮਿਸ਼ਨ ਨੂੰ ਪਾਰਦਰਸ਼ੀ ਬਣਾਉਣ ਲਈ ਉਸ ’ਚ ਵਾਤਾਵਰਣ ਮਾਹਰਾਂ ਤੋਂ ਇਲਾਵਾ ਸੂਬਿਆਂ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ। ਉਨ੍ਹਾਂ ਨੇ ਇਸ ਨੂੰ ਪ੍ਰਭਾਵਸ਼ਾਲੀ ਬਾਡੀਜ਼ ਦੱਸਦੇ ਹੋਏ ਸਾਰੇ ਮੈਂਬਰਾਂ ਤੋਂ ਸਮਰਥਨ ਦੀ ਅਪੀਲ ਕੀਤੀ। ਜਿਸ ਤੋਂ ਬਾਅਦ ਸਭਾਪਤੀ ਅਗਰਵਾਲ ਨੇ ਪ੍ਰਕਿਰਿਆ ਨੂੰ ਅੱਗੇ ਵਧਾਇਆ ਅਤੇ ਵਿਰੋਧੀ ਧਿਰ ਵਲੋਂ ਸੋਧਾਂ ਨੂੰ ਨਾ-ਮਨਜ਼ੂਰ ਕੀਤੇ ਜਾਣ ਤੋਂ ਬਾਅਦ ਬਿੱਲ ਨੂੰ ਪਾਸ ਕੀਤਾ ਗਿਆ।
ਇਹ ਬਿੱਲ 30 ਜੁਲਾਈ ਨੂੰ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਸੀ। ਬਿੱਲ 1998 ਵਿਚ ਐੱਨ. ਸੀ. ਆਰ. ’ਚ ਸਥਾਪਤ ਵਾਤਾਵਰਣ ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ ਅਥਾਰਟੀ ਨੂੰ ਭੰਗ ਕਰਦਾ ਹੈ। ਕਸ਼ਿਮਨ ਦੇ ਗਠਨ ਦੇ ਮਕਸਦ ਨਾਲ ਅਕਤੂਬਰ 2020 ਵਿਚ ਇਕ ਆਰਡੀਨੈਂਸ ਜਾਰੀ ਕੀਤਾ ਗਿਆ ਸੀ, ਜੋ ਮਾਰਚ ’ਚ ਰੱਦ ਹੋ ਗਿਆ ਸੀ ਅਤੇ ਫਿਰ ਅਪ੍ਰੈਲ 2021 ’ਚ ਮੁੜ ਜਾਰੀ ਕੀਤਾ ਗਿਆ ਸੀ। ਬਿੱਲ 2021 ਦੇ ਆਰਡੀਨੈਂਸ ਨੂੰ ਰੱਦ ਕਰਦਾ ਹੈ।