ਭਾਰਤ ''ਚ ਪਹਿਲੀ ਵਾਰ ਫੜੀ ਗਈ ''ਜਿਹਾਦੀ ਡਰੱਗ'', 182 ਕਰੋੜ ਦੀ ਖੇਪ ਸਣੇ ਸੀਰੀਆਈ ਨਾਗਰਿਕ ਗ੍ਰਿਫ਼ਤਾਰ
Saturday, May 16, 2026 - 03:48 PM (IST)
ਨਵੀਂ ਦਿੱਲੀ- ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਅੰਤਰਰਾਸ਼ਟਰੀ ਸਿੰਥੈਟਿਕ ਡਰੱਗ ਤਸਕਰੀ ਦੇ ਖਿਲਾਫ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। 'ਆਪ੍ਰੇਸ਼ਨ ਰੇਜ਼ਪਿੱਲ' (Operation Ragepill) ਦੇ ਤਹਿਤ, ਬਿਊਰੋ ਨੇ 'ਜਿਹਾਦੀ ਡਰੱਗ' ਕੈਪਟਾਗਨ (Captagon) ਦੀ ਇਕ ਵੱਡੀ ਖੇਪ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 182 ਕਰੋੜ ਰੁਪਏ ਦੱਸੀ ਜਾ ਰਹੀ ਹੈ। ਭਾਰਤ 'ਚ ਇਸ ਖ਼ਤਰਨਾਕ ਨਸ਼ੇ ਦੀ ਫੜੇ ਜਾਣ ਦਾ ਇਹ ਪਹਿਲਾ ਮਾਮਲਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,''ਮੋਦੀ ਸਰਕਾਰ 'ਨਸ਼ਾ-ਮੁਕਤ ਭਾਰਤ' ਲਈ ਸੰਕਲਪਿਤ ਹੈ। ਇਹ ਸਾਂਝਾ ਕਰਦੇ ਹੋਏ ਖੁਸ਼ੀ ਹੈ ਕਿ 'ਆਪਰੇਸ਼ਨ ਰੇਜ਼ਪਿੱਲ' ਦੇ ਮਾਧਿਅਮ ਨਾਲ ਸਾਡੀਆਂ ਏਜੰਸੀਆਂ ਨੇ ਪਹਿਲੀ ਵਾਰ ਕੈਪਟਾਗਾਨ, ਜਿਸ ਨੂੰ 'ਜਿਹਾਦੀ ਨਸ਼ਾ' ਕਿਹਾ ਜਾਂਦਾ ਹੈ ਕਿ 182 ਕਰੋੜ ਰੁਪਏ ਕੀਮਤ ਦੀ ਖੇਪ ਜ਼ਬਤ ਕੀਤੀ ਹੈ।''

ਇਸ ਕਾਰਵਾਈ ਦੌਰਾਨ ਦਿੱਲੀ ਦੇ ਨੇਬ ਸਰਾਏ ਇਲਾਕੇ 'ਚ ਰਹਿ ਰਹੇ ਇਕ ਸੀਰੀਆਈ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ 'ਚ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਨਵੰਬਰ 2024 'ਚ ਟੂਰਿਸਟ ਵੀਜ਼ਾ 'ਤੇ ਭਾਰਤ ਆਇਆ ਸੀ, ਪਰ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ। ਤਲਾਸ਼ੀ ਦੌਰਾਨ ਇਕ ਚਪਾਤੀ ਕੱਟਣ ਵਾਲੀ ਮਸ਼ੀਨ 'ਚ ਛੁਪਾ ਕੇ ਰੱਖੀ 31.5 ਕਿਲੋ ਕੈਪਟਾਗਨ ਬਰਾਮਦ ਕੀਤੀ ਗਈ, ਜਿਸ ਨੂੰ ਸਾਊਦੀ ਅਰਬ ਦੇ ਜੇਦਾਹ ਭੇਜਿਆ ਜਾਣਾ ਸੀ।
ਮੁਲਜ਼ਮ ਤੋਂ ਪੁੱਛਗਿੱਛ ਤੋਂ ਬਾਅਦ, NCB ਨੇ ਗੁਜਰਾਤ ਦੇ ਮੁੰਦਰਾ ਸਥਿਤ ਕੰਟੇਨਰ ਸਟੇਸ਼ਨ ਤੋਂ ਲਗਭਗ 196.2 ਕਿਲੋ ਕੈਪਟਾਗਨ ਪਾਊਡਰ ਬਰਾਮਦ ਕੀਤਾ। ਇਹ ਨਸ਼ਾ ਸੀਰੀਆ ਤੋਂ ਆਏ ਇਕ ਕੰਟੇਨਰ 'ਚ ਤਿੰਨ ਬੈਗਾਂ 'ਚ ਲੁਕਾ ਕੇ ਰੱਖਿਆ ਗਿਆ ਸੀ, ਜਿਸ ਨੂੰ ਭੇਡਾਂ ਦੀ ਉੱਨ ਦੱਸ ਕੇ ਮੰਗਵਾਇਆ ਗਿਆ ਸੀ। ਕੁੱਲ ਮਿਲਾ ਕੇ 227.7 ਕਿਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਹੈ।
ਕੀ ਹੈ 'ਜਿਹਾਦੀ ਡਰੱਗ' ਕੈਪਟਾਗਨ?
ਕੈਪਟਾਗਨ 'ਚ ਮੁੱਖ ਤੌਰ 'ਤੇ ਫੇਨੇਟਾਈਲੀਨ ਅਤੇ ਐਂਫੇਟਾਮਾਈਨ ਪਾਏ ਜਾਂਦੇ ਹਨ, ਜੋ ਕਿ ਬਹੁਤ ਹੀ ਖ਼ਤਰਨਾਕ ਨਸ਼ੀਲੇ ਪਦਾਰਥ ਹਨ। ਖਾੜੀ ਦੇਸ਼ਾਂ ਅਤੇ ਮੱਧ-ਪੂਰਬ 'ਚ ਇਸ ਦਾ ਬਹੁਤ ਜ਼ਿਆਦਾ ਦੁਰਵਰਤੋਂ ਹੁੰਦੀ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਅੰਤਰਰਾਸ਼ਟਰੀ ਸਿੰਡੀਕੇਟ ਵੱਲੋਂ ਭਾਰਤ ਨੂੰ ਇਸ ਨਸ਼ੇ ਦੀ ਤਸਕਰੀ ਲਈ ਇਕ 'ਟ੍ਰਾਂਜ਼ਿਟ ਹੱਬ' ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
