ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ: ਗੁਰੂਗ੍ਰਾਮ ’ਚ 271 ਕਰੋੜ ਰੁਪਏ ’ਚ ਵਿਕਿਆ ਪੈਂਟਹਾਊਸ
Monday, Aug 10, 2026 - 08:53 PM (IST)
ਨਵੀਂ ਦਿੱਲੀ - ਦਿੱਲੀ ਦੇ ਨਾਲ ਲੱਗਦੇ ਸਾਈਬਰ ਸਿਟੀ ਗੁਰੂਗ੍ਰਾਮ ਦੀ ਰੀਅਲ ਅਸਟੇਟ ਮਾਰਕੀਟ ਨੇ ਇਕ ਵਾਰ ਫਿਰ ਪੂਰੇ ਦੇਸ਼ ਨੂੰ ਹੈਰਾਨ ਕੀਤਾ ਹੈ। ਦੇਸ਼ ਦੀ ਮਹਾਰਥੀ ਰੀਅਲ ਅਸਟੇਟ ਕੰਪਨੀ ਡੀ. ਐੱਲ. ਐੱਫ. ਨੇ ਗੁਰੂਗ੍ਰਾਮ ’ਚ ਆਪਣੇ ਇਕ ਸੁਪਰ-ਲਗਜ਼ਰੀ ਪ੍ਰਾਜੈਕਟ ’ਚ ਇਕ ਪੈਂਟਹਾਊਸ ਰਿਕਾਰਡਤੋੜ 271 ਕਰੋੜ ਰੁਪਏ ’ਚ ਵੇਚਿਆ ਹੈ।
ਇਹ ਸੌਦਾ ਪ੍ਰਤੀ ਵਰਗ ਫੁੱਟ ਰੇਟ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ ’ਚੋਂ ਇਕ ਹੈ। ਇਹ ਪੈਂਟਹਾਊਸ ਗੁਰੂਗ੍ਰਾਮ ਦੇ ਡੀ. ਐੱਲ. ਐੱਫ. ਫੇਜ਼ 5 ’ਚ ‘ਦਿ ਡਹਲੀਆਸ’ ’ਚ ਹੈ। ਇਸ ਪ੍ਰਾਜੈਕਟ ’ਚ 420 ਸੁਪਰ-ਲਗਜ਼ਰੀ ਅਪਾਰਟਮੈਂਟ ਅਤੇ ਪੈਂਟਹਾਊਸ ਬਣਾਏ ਜਾ ਰਹੇ ਹਨ।
ਸੂਤਰਾਂ ਅਨੁਸਾਰ, ਡੀ. ਐੱਲ. ਐੱਫ. ਦੇ ਇਸ ਮਹਿੰਗੇ ਪੈਂਟਹਾਊਸ ਨੂੰ ਜਾਣੇ-ਪਛਾਣੇ ਉਦਯੋਗਪਤੀ ਮਾਨਵ ਸਰਦਾਨਾ ਨੇ ਖਰੀਦਿਆ ਹੈ। ਸਰਦਾਨਾ ਆਟੋ ਕੰਪੋਨੈਂਟ ਸੈਕਟਰ ਦੀ ਪ੍ਰਮੁੱਖ ਕੰਪਨੀ ਇੰਪੀਰੀਅਲ ਆਟੋ ਨਾਲ ਜੁੜੇ ਹਨ। ਇਸ ਪੈਂਟਹਾਊਸ ਦਾ ਸੁਪਰ ਏਰੀਆ 17,200 ਵਰਗ ਫੁੱਟ ਹੈ। ਸੁਪਰ ਏਰੀਆ ਦੇ ਹਿਸਾਬ ਨਾਲ ਰੇਟ 1.58 ਲੱਖ ਰੁਪਏ ਪ੍ਰਤੀ ਵਰਗ ਫੁੱਟ ਬੈਠਦਾ ਹੈ। ਇਸ ਦਾ ਕਾਰਪੇਟ ਏਰੀਆ 10,500 ਵਰਗ ਫੁੱਟ ਅਤੇ ਕਾਰਪੇਟ ਏਰੀਆ ਦੇ ਆਧਾਰ ’ਤੇ ਇਸ ਦੀ ਕੀਮਤ ਲੱਗਭਗ 2.6 ਲੱਖ ਰੁਪਏ ਪ੍ਰਤੀ ਵਰਗ ਫੁੱਟ ਬਣਦੀ ਹੈ। ਹਾਲਾਂਕਿ, ਇਸ ਡੀਲ ’ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਡੀ. ਐੱਲ. ਐੱਫ. ਨੇ ਮਨ੍ਹਾ ਕਰ ਦਿੱਤਾ ਹੈ।
100 ਕਰੋੜ ਤੋਂ ਸ਼ੁਰੂ ਹੁੰਦੀ ਹੈ ਅਪਾਰਟਮੈਂਟ ਦੀ ਕੀਮਤ
ਦਿ ਡਹਲੀਆਸ ਪ੍ਰਾਜੈਕਟ ’ਚ ਇਕ ਸਾਧਾਰਨ ਅਪਾਰਟਮੈਂਟ ਦੀ ਕੀਮਤ ਵੀ 100 ਕਰੋੜ ਤੋਂ 170 ਕਰੋੜ ਰੁਪਏ ਦੇ ਵਿਚਾਲੇ ਰੱਖੀ ਗਈ ਹੈ, ਜਦਕਿ ਪੈਂਟਹਾਊਸ ਦੀ ਕੀਮਤ ਇਸ ਤੋਂ ਵੀ ਕਿਤੇ ਜ਼ਿਆਦਾ ਹੈ। ਡੀ. ਐੱਲ. ਐੱਫ. ਨੂੰ ਇਸ ਸਿੰਗਲ ਪ੍ਰਾਜੈਕਟ ਤੋਂ ਹੀ 40,000 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਮਿਲਣ ਦੀ ਉਮੀਦ ਹੈ। ਲਾਂਚਿੰਗ ਦੇ ਬਾਅਦ ਤੋਂ ਹੁਣ ਤੱਕ ਇਸ ਦੀਆਂ 65 ਫੀਸਦੀ ਤੋਂ ਜ਼ਿਆਦਾ ਇਕਾਈਆਂ ਵਿਕ ਵੀ ਚੁੱਕੀਆਂ ਹਨ।
