ਛੱਤੀਸਗੜ੍ਹ : ਸੁਕਮਾ ''ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ''ਚ 5 ਲੱਖ ਦਾ ਇਨਾਮੀ ਨਕਸਲੀ ਢੇਰ
Friday, Jul 29, 2022 - 01:54 PM (IST)
ਰਾਏਪੁਰ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ 5 ਲੱਖ ਰੁਪਏ ਦੇ ਇਨਾਮੀ ਨਕਸਲੀ ਨੂੰ ਮਾਰ ਸੁੱਟਿਆ। ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਬਿੰਦ੍ਰਾਪਾਨੀ ਪਿੰਡ ਦੇ ਕਰੀਬ ਜੰਗਲ 'ਚ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ ਕਟੇਕਲਿਆਣ ਏਰੀਆ ਕਮੇਟੀ ਦੇ ਮੈਂਬਰ ਰਾਕੇਸ਼ ਮਡਕਮ ਨੂੰ ਮਾਰ ਸੁੱਟਿਆ। ਮਡਕਮ ਦੇ ਸਿਰ 'ਤੇ 5 ਲੱਖ ਰੁਪਏ ਦਾ ਇਨਾਮ ਸੀ। ਬਸਤਰ ਰੇਂਜ ਦੇ ਪੁਲਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ. ਨੇ ਦੱਸਿਆ ਕਿ ਦੰਤੇਵਾੜਾ ਅਤੇ ਸੁਕਮਾ ਜ਼ਿਲ੍ਹੇ ਸਰਹੱਦੀ ਇਲਾਕੇ ਨਹਿਨੀ ਗੁਡਰਾ ਪਿੰਡ ਦੇ ਜੰਗਲ 'ਚ ਨਕਸਲੀ ਗਤੀਵਿਧੀ ਦੀ ਸੂਚਨਾ 'ਤੇ ਵੀਰਵਾਰ ਨੂੰ ਦੰਤੇਵਾੜਾ ਦੇ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦੇ ਦਲ ਨੂੰ ਗਸ਼ਤ 'ਤੇ ਭੇਜਿਆ ਗਿਆ ਸੀ।
ਇਸ ਦੌਰਾਨ ਨਕਸਲੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਕੁਝ ਦੇਰ ਬਾਅਦ ਨਕਸਲੀ ਉੱਥੋਂ ਦੌੜ ਗਏ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਜਦੋਂ ਸੁਰੱਖਿਆ ਫ਼ੋਰਸ ਦੇ ਜਵਾਨ ਸੁਕਮਾ ਜ਼ਿਲ੍ਹੇ ਦੇ ਬਿੰਦ੍ਰਾਪਾਨੀ ਪਿੰਡ ਦੇ ਕਰੀਬ ਜੰਗਲ 'ਚ ਸਨ, ਉਦੋਂ ਇਕ ਵਾਰ ਮੁੜ ਨਕਸਲੀਆਂ ਨੇ ਸੁਰੱਖਿਆ ਫ਼ੋਰਸਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਆਈ.ਜੀ. ਨੇ ਦੱਸਿਆ ਕਿ ਹਮਲੇ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਨਕਸਲੀ ਉੱਥੋਂ ਦੌੜ ਗਏ। ਬਾਅਦ 'ਚ ਸੁਰੱਖਿਆ ਫ਼ੋਰਸਾਂ ਨੇ ਹਾਦਸੇ ਵਾਲੀ ਜਗ੍ਹਾ ਦੀ ਜਂਚ ਕੀਤੀ, ਉਦੋਂ ਉੱਥੇ ਇਕ ਨਕਸਲੀ ਦੀ ਲਾਸ਼, ਹਥਿਆਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਕਸਲੀ ਦੀ ਪਛਾਣ ਕਟੇਕਲਿਆਣ ਏਰੀਆ ਕਮੇਟੀ ਦੇ ਮੈਂਬਰ ਰਾਕੇਸ਼ ਮਡਕਮ ਵਜੋਂ ਹੋਈ ਹੈ। ਮਡਕਮ ਖ਼ਿਲਾਫ਼ 8 ਮਾਮਲੇ ਦਰਜ ਹਨ ਅਤੇ ਉਸ ਦੇ ਸਿਰ 'ਤੇ 5 ਲੱਖ ਰੁਪਏ ਦਾ ਇਨਾਮ ਹੈ। ਅਧਿਕਾਰੀ ਨੇ ਦੱਸਿਆ ਕਿ ਖੇਤਰ 'ਚ ਨਕਸਲੀਆਂ ਖ਼ਿਲਾਫ਼ ਮੁਹਿੰਮ ਜਾਰੀ ਹੈ।