ਛੱਤੀਸਗੜ੍ਹ-ਤੇਲੰਗਾਨਾ ਦੀ ਹੱਦ ’ਤੇ 21 ਦਿਨਾਂ ’ਚ ਮਾਰੇ ਗਏ 31 ਨਕਸਲੀ
Thursday, May 15, 2025 - 12:46 AM (IST)

ਬੀਜਾਪੁਰ (ਛੱਤੀਸਗੜ੍ਹ), (ਭਾਸ਼ਾ)- ਕੇਂਦਰੀ ਤੇ ਸੂਬਾਈ ਸੁਰੱਖਿਆ ਫੋਰਸਾਂ ਨੇ ਛੱਤੀਸਗੜ੍ਹ-ਤੇਲੰਗਾਨਾ ਦੀ ਹੱਦ ’ਤੇ ਕਰੇਗੁੱਟਾ ਦੀਆਂ ਪਹਾੜੀਆਂ ਦੇ ਆਲੇ-ਦੁਆਲੇ ਸੰਘਣੇ ਜੰਗਲਾਂ ’ਚ 21 ਦਿਨਾਂ ਤੱਕ ਚੱਲੇ ਇਕ ਵੱਡੇ ਆਪ੍ਰੇਸ਼ਨ ਦੌਰਾਨ 31 ਨਕਸਲੀਆਂ ਨੂੰ ਮਾਰ ਦਿੱਤਾ।
ਸੁਰੱਖਿਆ ਅਧਿਕਾਰੀਆਂ ਨੇ ਬੁੱਧਵਾਰ ਕਿਹਾ ਕਿ ਇਹ ਨਕਸਲੀ ਖ਼ਤਰੇ ਦੇ ਅੰਤ ਦੀ ਸ਼ੁਰੂਆਤ ਹੈ। । ਸੀ. ਆਰ. ਪੀ. ਐੱਫ ਦੇ ਡਾਇਰੈਕਟਰ ਜਨਰਲ ਜੀ.ਪੀ. ਸਿੰਘ ਤੇ ਛੱਤੀਸਗੜ੍ਹ ਦੇ ਪੁਲਸ ਮੁਖੀ ਅਰੁਣ ਦੇਵ ਗੌਤਮ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ 21 ਅਪ੍ਰੈਲ ਨੂੰ ਸ਼ੁਰੂ ਹੋਏ 21 ਦਿਨਾਂ ਦੇ ਆਪ੍ਰੇਸ਼ਨ ਦੌਰਾਨ ਸੁਰੱਖਿਆ ਫੋਰਸਾਂ ਨੇ 31 ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਿਨ੍ਹਾਂ ’ਚੋਂ 28 ਦੀ ਪਛਾਣ ਹੋ ਗਈ ਹੈ। ਉਨ੍ਹਾਂ ਕੋਲੋਂ ਵੱਡੀ ਮਾਤਰਾ ’ਚ ਹਥਿਆਰ ਵੀ ਜ਼ਬਤ ਕੀਤੇ ਗਏ ਹਨ।
ਅਗਲੇ ਸਾਲ 31 ਮਾਰਚ ਤੱਕ ਦੇਸ਼ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ : ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਕਿਹਾ ਕਿ ਸੁਰੱਖਿਆ ਫੋਰਸਾਂ ਨੇ 31 ਬਦਨਾਮ ਨਕਸਲੀਆਂ ਨੂੰ ਮਾਰ ਕੇ ਦੇਸ਼ ਨੂੰ ਨਕਸਲ ਮੁਕਤ ਬਣਾਉਣ ਦੇ ਸੰਕਲਪ ਵੱਲ ਇਕ ਇਤਿਹਾਸਕ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ‘ਐਕਸ’ ਤੇ ਲਿਖਿਆ ਕਿ ਮੈਂ ਇਕ ਵਾਰ ਫਿਰ ਦੇਸ਼ ਵਾਸੀਆਂ ਨੂੰ ਭਰੋਸਾ ਦੁਆਉਂਦਾ ਹਾਂ ਕਿ ਭਾਰਤ 31 ਮਾਰਚ, 2026 ਤੱਕ ਨਕਸਲ ਮੁਕਤ ਹੋ ਜਾਵੇਗਾ।