ਦੇਸ਼ ’ਚ ਮੇਥਮਫੇਟਾਮਾਈਨ ਦੀ ਸਭ ਤੋਂ ਵੱਡੀ ਬਰਾਮਦਗੀ, 12 ਹਜ਼ਾਰ ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

05/17/2023 10:16:23 AM

ਕੇਰਲ (ਭਾਸ਼ਾ)- ਜਲ ਸੈਨਾ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਸਾਂਝੀ ਮੁਹਿੰਮ ਦੇ ਅਧੀਨ ਕੇਰਲ ਦੇ ਸਮੁੰਦਰੀ ਕੰਢੇ ਨੇੜੇ ਇਕ ਬੇੜੇ ਤੋਂ 12 ਹਜ਼ਾਰ ਕਰੋੜ ਰੁਪਏ ਦੇ ਮੁੱਲ ਦਾ ਕਰੀਬ 2500 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਅਤੇ ਇਕ ਸ਼ੱਕੀ ਪਾਕਿਸਤਾਨੀ ਨਾਗਰਿਕ ਨੂੰ ਫੜਿਆ ਗਿਆ ਹੈ। ਐੱਨ.ਸੀ.ਬੀ. ਨੇ ਇਸ ਨੂੰ ਦੇਸ਼ 'ਚ 'ਮੇਥਮਫੇਟਾਮਾਈਨ' ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਬਤੀ ਕਰਾਰ ਦਿੱਤਾ ਹੈ। ਐੱਨ.ਸੀ.ਬੀ. ਦੇ ਡਿਪਟੀ ਡਾਇਰੈਕਟਰ ਜਨਰਲ ਸੰਜੇ ਕੁਮਾਰ ਸਿੰਘ ਨੇ ਇਕ ਪੱਤਰਕਾਰ ਸੰਮੇਲਨ 'ਚ ਜ਼ਬਤੀ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮ ਨੂੰ 'ਆਪਰੇਸ਼ਨ ਸਮੁੰਦਰ ਗੁਪਤ' ਦੇ ਅਧੀਨ ਸੰਚਾਲਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਅਧੀਨ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਦੀ ਸਮੁੰਦਰੀ ਤਸਕਰੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਮੁਹਿੰਮ ਦੇ ਅਧੀਨ ਹੁਣ ਤੱਕ 3200 ਕਿਲੋਗ੍ਰਾਮ 'ਮੇਥਮਫੇਟਾਮਾਈਨ', 500 ਕਿਲੋਗ੍ਰਾਮ ਹੈਰੋਇਨ ਅਤੇ 529 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਔਰਤਾਂ ਨੂੰ ਹੁਣ 9 ਮਹੀਨਿਆਂ ਦੀ ਮਿਲ ਸਕਦੀ ਹੈ ਜਣੇਪਾ ਛੁੱਟੀ, ਜਾਣੋ ਨੀਤੀ ਆਯੋਗ ਦੀ ਸਲਾਹ

ਏਜੰਸੀ ਨੇ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ ਤੋਂ ਭੇਜੀ ਗਈ ਲਗਭਗ 2500 ਕਿਲੋਗ੍ਰਾਮ 'ਮੇਥਮਫੇਟਾਮਾਈਨ' ਦੀ ਤਾਜ਼ਾ ਖੇਪ ਭਾਰਤ, ਸ਼੍ਰੀਲੰਕਾ ਅਤੇ ਮਾਲਦੀਵ ਲਈ ਸੀ। ਐੱਨ.ਸੀ.ਬੀ. ਦੇ ਬਿਆਨ 'ਚ ਕਿਹਾ ਗਿਆ ਹੈ ਕਿ ਨਸ਼ੀਲੇ ਪਦਾਰਥ ਦੀ ਖੇਪ ਨਾਲ ਇਕ ਮੁੱਖ ਜਹਾਜ਼ ਨੇ ਪਾਕਿਸਤਾਨ ਅਤੇ ਇਰਾਨ ਨੇੜੇ ਸਥਿਤ ਮਕਰਾਨ ਸਮੁੰਦਰ ਤੱਟ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਮੁੱਖ ਜਹਾਜ਼ ਦੀ ਯਾਤਰਾ ਦੌਰਾਨ ਵੱਖ-ਵੱਖ ਕਿਸ਼ਤੀਆਂ ਨੂੰ ਨਸ਼ੀਲੇ ਪਦਾਰਥ ਵੰਡਿਆ ਜਾਂਦਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਜਲ ਸੈਨਾ ਵਲੋਂ ਮੇਥਮਫੇਟਾਮਾਈਨ ਦੀਆਂ 134 ਬੋਰੀਆਂ, ਇਕ ਪਾਕਿਸਤਾਨੀ ਨਾਗਰਿਕ, ਫੜੀ ਗਈ ਕਿਸ਼ਤੀ ਅਤੇ ਜਹਾਜ਼ ਤੋਂ ਬਚਾਈਆਂ ਕੁਝ ਹੋਰ ਵਸਤੂਆਂ ਨੂੰ ਕੇਰਲ ਅਤੇ ਕੋਚੀ ਸਮੁੰਦਰ ਤੱਟ 'ਤੇ ਮੱਟਨਚੇਰੀ ਘਾਟ ਲਿਆਂਦਾ ਗਿਆ ਅਤੇ ਇਨ੍ਹਾਂ ਨੂੰ ਐੱਨ.ਸੀ.ਬੀ. ਨੂੰ ਸੌਂਪ ਦਿੱਤਾ ਗਿਆ। ਐੱਨ.ਸੀ.ਬੀ. ਨੇ ਜ਼ਬਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਸਾਰੀਆਂ ਬੋਰੀਆਂ 'ਚ ਜ਼ਿਆਦਾ ਸ਼ੁੱਧਤਾ ਵਾਲਾ ਮੇਥਮਫੇਟਾਮਾਈਨ ਹੈ। ਐੱਨ.ਸੀ.ਬੀ. ਨੇ ਇਹ ਵੀ ਕਿਹਾ ਕਿ ਨਸ਼ੀਲੇ ਪਦਾਰਥ ਦੀ ਮਾਤਰਾ ਦਾ ਅਜੇ ਮੁਲਾਂਕਣ ਨਹੀਂ ਕੀਤਾ ਗਿਆ ਹੈ ਪਰ ਇਸ ਦੇ ਕਰੀਬ 2500 ਕਿਲੋਗ੍ਰਾਮ ਹੋਣ ਦਾ ਅਨੁਮਾਨ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News