ਨਵਰੂਨਾ ਕਤਲਕਾਂਡ : ਸੁਪਰੀਮ ਕੋਰਟ ਨੇ ਜਾਂਚ ਲਈ CBI ਨੂੰ ਦਿੱਤੀ ਤਿੰਨ ਮਹੀਨੇ ਦੀ ਮੋਹਲਤ

Monday, Jun 01, 2020 - 04:29 PM (IST)

ਨਵਰੂਨਾ ਕਤਲਕਾਂਡ : ਸੁਪਰੀਮ ਕੋਰਟ ਨੇ ਜਾਂਚ ਲਈ CBI ਨੂੰ ਦਿੱਤੀ ਤਿੰਨ ਮਹੀਨੇ ਦੀ ਮੋਹਲਤ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬਿਹਾਰ ਦੇ ਮੁਜ਼ੱਫਰਪੁਰ 'ਚ ਹੋਏ ਬਹੁਚਰਚਿਤ ਨਵਰੂਨਾ ਕਤਲਕਾਂਡ ਦੀ ਜਾਂਚ ਪੂਰੀ ਕਰਨ ਲਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ 3 ਮਹੀਨੇ ਦੀ ਹੋਰ ਮੋਹਲਤ ਦੇ ਦਿੱਤੀ ਹੈ। ਜੱਜ ਏ.ਐੱਮ. ਖਾਨਵਿਲਕਰ, ਜੱਜ ਦਿਨੇਸ਼ ਮਾਹੇਸ਼ਵਰੀ ਅਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਸੋਮਵਾਰ ਨੂੰ ਸੀ.ਬੀ.ਆਈ. ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਾਂਚ ਏਜੰਸੀ ਨੂੰ ਤਿੰਨ ਮਹੀਨੇ ਦੀ ਹੋਰ ਮੋਹਲਤ ਪ੍ਰਦਾਨ ਕੀਤੀ ਹੈ। ਕੋਰਟ ਨੇ ਸੀ.ਬੀ.ਆਈ. ਨੂੰ ਇਸ ਮਾਮਲੇ ਦੀ ਜਾਂਚ ਪੂਰੀ ਕਰਨ ਲਈ 10ਵੀਂ ਵਾਰ ਮੋਹਲਤ ਵਧਾਈ ਹੈ। ਪਟੀਸ਼ਨਕਰਤਾ ਅਭਿਸ਼ੇਕ ਰੰਜਨ ਨੇ ਆਪਣੇ ਵਕੀਲ ਦੇ ਹਵਾਲੇ ਤੋਂ ਦੱਸਿਆ ਕਿ ਸੀ.ਬੀ.ਆਈ. ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜਾਂਚ ਦੇ ਕੰਮ 'ਚ ਦੇਰੀ ਹੋਣ ਦੀ ਦਲੀਲ ਦਿੰਦੇ ਹੋਏ ਕੁਝ ਹੋਰ ਮੋਹਲਤ ਦਿੱਤੇ ਜਾਣ ਦੀ ਕੋਰਟ ਨੂੰ ਅਪੀਲ ਕੀਤੀ।

ਇਸ ਤੋਂ ਬਾਅਦ ਬੈਂਚ ਨੇ ਸੀ.ਬੀ.ਆਈ. ਨੂੰ 3 ਮਹੀਨੇ ਦਾ ਸਮਾਂ ਦਿੱਤਾ। 'ਸਟੂਡੈਂਟਸ ਫੋਰਮ ਫਾਰ ਸੇਵ ਨਵਰੂਮਾ' ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ 25 ਨਵੰਬਰ 2013 ਨੂੰ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਜਾਂਚ ਏਜੰਸੀ ਨੇ 14 ਫਰਵਰੀ 2014 ਨੂੰ ਇਸ ਕਤਲਕਾਂਡ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲੀ ਸੀ। 2 ਸਾਲ ਦੀ ਜਾਂਚ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਅਭਿਸ਼ੇਕ ਨੇ ਮਾਰਚ 2016 'ਚ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਸੀ। ਕੋਰਟ ਨੇ ਮਈ 2016 'ਚ ਹੋਈ ਸੁਣਵਾਈ ਤੋਂ ਬਾਅਦ ਸੀ.ਬੀ.ਆਈ. ਨੂੰ 6 ਮਹੀਨੇ ਅੰਦਰ ਜਾਂਚ ਪੂਰੀ ਕਰਨ ਦਾ ਆਦੇਸ਼ ਦਿੱਤਾ ਸੀ। ਚਾਰ ਸਾਲ ਅੰਦਰ ਜਾਂਚ ਏਜੰਸੀ ਨੂੰ 10ਵੀਂ ਵਾਰ ਮੋਹਲਤ ਮਿਲੀ ਹੈ।


author

DIsha

Content Editor

Related News