ਕੋਰੋਨਾ ਦੀ ਮਾਰ : PM ਮੋਦੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਭਰੋਸਾ- ''ਮਿਲ ਕੇ ਲੜਾਂਗੇ ਲੜਾਈ''

04/02/2020 2:17:13 PM

ਨਵੀਂ ਦਿੱਲੀ— ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਕੋਰੋਨਾ ਆਫਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਨੂੰ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕੀਤੇ ਜਾ ਰਹੇ ਉਪਾਵਾਂ 'ਤੇ ਵੀ ਚਰਚਾ ਕੀਤੀ ਅਤੇ ਕੁਝ ਸੁਝਾਅ ਵੀ ਦਿੱਤੇ। ਉਨ੍ਹਾਂ ਨੇ ਸੂਬਾ ਸਰਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਸੰਕਟ ਦੀ ਇਸ ਘੜੀ 'ਚ ਕੇਂਦਰ ਸਰਕਾਰ ਉਨ੍ਹਾਂ ਨਾਲ ਹੈ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਅਸੀਂ ਸਾਰੇ ਮਿਲ ਕੇ ਕੋਰੋਨਾ ਵਿਰੁੱਧ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਲਾਕ ਡਾਊਨ ਅਤੇ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਹੀ ਇਸ ਲੜਾਈ ਨੂੰ ਹਰਾ ਸਕਦੇ ਹਨ। 

ਲਾਕ ਡਾਊਨ ਨੂੰ ਲੈ ਕੇ ਜਤਾਈ ਚਿੰਤਾ—
ਮੁੱਖ ਮੰਤਰੀਆਂ ਨਾਲ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਾਕ ਡਾਊਨ ਨੂੰ ਲੈ ਕੇ ਚਿੰਤਾ ਨਜ਼ਰ ਆਈ। ਉਨ੍ਹਾਂ ਨੇ ਹਰ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਲਾਕ ਡਾਊਨ ਦਾ ਸਖਤੀ ਨਾਲ ਪਾਲਣ ਕਰਾਉਣ ਦੀ ਅਪੀਲ ਕੀਤੀ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਲੋਕਾਂ ਨੂੰ ਜ਼ਰੂਰੀ ਸਾਮਾਨ ਵੀ ਮੁਹੱਈਆ ਕਰਵਾਏ ਜਾਣ, ਤਾਂ ਕਿ ਕਿਸੇ ਨੂੰ ਮੁਸ਼ਕਲ ਪੇਸ਼ ਨਾ ਆਵੇ। 

ਮਜ਼ਦੂਰਾਂ ਦੇ ਪਲਾਇਨ ਨੂੰ ਰੋਕਣਾ ਹੋਵੇਗਾ—
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਹਰ ਸੰਭਵ ਮਜ਼ਦੂਰਾਂ ਦੇ ਪਲਾਇਨ ਨੂੰ ਰੋਕਣਾ ਹੋਵੇਗਾ। ਇਸ ਲਈ ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਹਰ ਸੂਬੇ ਆਪਣੇ ਵਲੋਂ ਸਾਰੇ ਇੰਤਜ਼ਾਮ ਕਰਨ। ਪਲਾਇਨ ਨੂੰ ਰੋਕਣ ਲਈ ਮਜ਼ਦੂਰਾਂ ਲਈ ਸ਼ੈਲਟਰ ਹੋਮ ਦੇ ਨਾਲ ਹੀ ਖਾਣ-ਪੀਣ ਦੀ ਵਿਵਸਥਾ ਕੀਤੀ ਜਾਵੇ। ਇਸ ਦੇ ਨਾਲ ਹੀ ਮਜ਼ਦੂਰਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਸੜਕਾਂ 'ਤੇ ਨਾ ਨਿਕਲਣ। ਕੋਰੋਨਾ ਵਾਇਰਸ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ। 

ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਮਰੀਜ਼ਾਂ ਦੀ ਗਿਣਤੀ 1900 ਤੋਂ ਪਾਰ ਹੋ ਗਈ ਹੈ ਅਤੇ 50 ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਤੇਜ਼ੀ ਨਾਲ ਵਧਦੇ ਕੋਰੋਨਾ ਸੰਕਟ ਨੂੰ ਲੈ ਕੇ ਪੂਰਾ ਦੇਸ਼ ਚਿੰਤਾ ਵਿਚ ਹੈ। ਕੋਰੋਨਾ ਸੰਕਟ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਰੇ ਮੁੱਖ ਮੰਤਰੀਆਂ ਨਾਲ ਚਰਚਾ ਕੀਤੀ। ਇਸ ਚਰਚਾ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਮੰਤਰੀ ਮੌਜੂਦ ਰਹੇ। 


Tanu

Content Editor

Related News