ਮੋਦੀ ਕਾਲੇ ਹਨ ਤਾਂ ਕੀ ਹੋਇਆ ਦਿਲ ਵਾਲੇ ਹਨ : ਭਾਜਪਾ

Saturday, May 11, 2019 - 04:05 PM (IST)

ਮੋਦੀ ਕਾਲੇ ਹਨ ਤਾਂ ਕੀ ਹੋਇਆ ਦਿਲ ਵਾਲੇ ਹਨ : ਭਾਜਪਾ

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸ ਦੇ ਨੇਤਾ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 130 ਕਰੋੜ ਭਾਰਤੀਆਂ ਨੂੰ ਕਥਿਤ ਤੌਰ 'ਤੇ 'ਕਾਲੇ ਅੰਗਰੇਜ਼' ਕਹੇ ਜਾਣ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਕਾਂਗਰਸ ਨੂੰ ਸੋਨੀਆ ਗਾਂਧੀ, ਐਂਡਰਸਨ, ਕਵਾਤ੍ਰੋਚੀ, ਕ੍ਰਿਸ਼ਚੀਅਨ ਮਿਸ਼ੇਲ ਦਾ ਰੰਗ ਪਸੰਦ ਹੈ ਜੋ 23 ਮਈ ਨੂੰ ਉਸ ਦੇ ਦਿਮਾਗ ਤੋਂ ਉਤਰ ਜਾਵੇਗਾ। ਭਾਜਪਾ ਦੇ ਬੁਲਾਰੇ ਡਾ. ਸੰਬਿਤ ਪਾਤਰਾ ਨੇ ਕਿਹਾ ਕਿ ਕਾਂਗਰਸ ਨੇਤਾ ਸਿੱਧੂ ਆਪਣੀ ਪਾਰਟੀ ਦੇ ਸੀਨੀਅਰ ਨੇਤਾ ਸੈਮ ਪਿਤ੍ਰੋਦਾ ਨੇ 1984 ਦੇ ਸਿੱਖਾਂ ਦੇ ਸਮੂਹਕ ਕਤਲੇਆਮ ਬਾਰੇ ਵਿਵਾਦਪੂਰਨ ਬਿਆਨ 'ਤੇ ਚੁੱਪ ਰਹੇ ਅਤੇ ਉਸੇ 1984 ਦੇ ਦੰਗਿਆਂ 'ਚ ਸ਼ਾਮਲ ਰਹੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀ ਗੋਦ 'ਚ ਬੈਠ ਕੇ ਅੱਜ ਬਦਜ਼ੁਬਾਨੀ ਕਰ ਰਹੇ ਹਨ। ਉਨ੍ਹਾਂ ਨੇ ਮੋਦੀ ਅਤੇ ਹਿੰਦੁਸਤਾਨੀਆਂ ਨੂੰ ਕਾਲੇ ਅੰਗਰੇਜ਼ ਕਿਹਾ ਹੈ।

ਸੰਬਿਤ ਪਾਤਰਾ ਨੇ ਕਿਹਾ,''ਮੋਦੀ ਜੀ ਕਾਲੇ ਹਨ ਤਾਂ ਕੀ ਹੋਇਆ ਦਿਲ ਵਾਲੇ ਹਨ। ਮੋਦੀ ਜੀ ਕਾਲੇ ਹਨ ਤਾਂ ਕੀ ਹੋਇਆ ਹਿੰਦੁਸਤਾਨ ਦੇ ਰੱਖਵਾਲੇ ਹਨ। 23 ਤਰੀਕ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਉਸ ਦਾ ਇਹ ਇਟੈਲੀਅਨ ਰੰਗ ਉਤਰ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਿੱਧੂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਪਤਾਨ ਮੰਨਦੇ ਹਨ ਅਤੇ ਹੁਣ ਉਨ੍ਹਾਂ ਨੂੰ ਹਿੰਦੁਸਤਾਨੀ ਕਾਲੇ ਅੰਗਰੇਜ਼ ਨਜ਼ਰ ਆਉਣ ਲੱਗੇ ਹਨ। ਇਨ੍ਹਾਂ ਨੂੰ ਸ਼੍ਰੀਮਤੀ ਸੋਨੀਆ ਗਾਂਧੀ, ਵਾਰੇਨ ਐਂਡਰਸਨ, ਓਤਾਵੀਓ ਕਵਾਤ੍ਰੋਚੀ, ਕ੍ਰਿਸ਼ਚੀਅਨ ਮਿਸ਼ੇਲ ਦਾ ਰੰਗ ਸਹੀ ਲੱਗਦਾ ਹੈ ਅਤੇ ਸ਼੍ਰੀ ਮੋਦੀ ਕਾਲੇ ਅੰਗਰੇਜ਼ ਲੱਗਦੇ ਹਨ। ਜਨਤਾ ਸਭ ਦੇਖ ਰਹੀ ਹੈ ਅਤੇ ਇਸ ਦਾ ਜਵਾਬ ਉਹੀ ਦੇਵੇਗੀ। ਸਿੱਧੂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਨਵੀਂ ਵਿਆਹੀ ਲਾੜੀ' ਨਾਲ ਤੁਲਨਾ ਕਰਨ ਦੀ ਸਖਤ ਨਿੰਦਾ ਕਰਦੇ ਹੋਏ ਪਾਤਰਾ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਨਾ ਸਿੱਖਾਂ ਦਾ ਸਨਮਾਨ ਕਰਦੀ ਹੈ, ਨਾ ਹਿੰਦੁਸਤਾਨੀਆਂ ਦਾ ਅਤੇ ਨਾ ਹੀ ਔਰਤਾਂ ਦਾ। ਉਨ੍ਹਾਂ ਨੇ ਕਿਹਾ ਕਿ ਅੱਜ ਦੀਆਂ ਔਰਤਾਂ ਸਿਰਫ ਰੋਟੀ ਬਣਾਉਣ ਜਾਂ ਚੂੜੀਆਂ ਛਣਕਾਉਣ ਦਾ ਕੰਮ ਨਹੀਂ ਕਰਦੀਆਂ ਹਨ, ਉਹ ਹਰ ਖੇਤਰ 'ਚ ਕੰਮ ਕਰਦੀਆਂ ਹਨ ਅਤੇ ਦੁਨੀਆ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੀਆਂ ਹਨ।


author

DIsha

Content Editor

Related News