ਮੋਦੀ ਦੇ ਜਲ ਜੀਵਨ ਮਿਸ਼ਨ ਨਾਲ ਇਕ ਸਾਲ ''ਚ ਜੁੜੇ 5 ਕਰੋੜ ਤੋਂ ਵੱਧ ਪਰਿਵਾਰ

8/11/2020 11:58:36 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2024 ਤੱਕ ਦੇਸ਼ ਦੇ ਕਰੀਬ ਸਾਰੇ 19 ਕਰੋੜ ਘਰਾਂ ਤੱਕ 'ਨਲ ਤੋਂ ਜਲ' ਦੇਣ ਦੇ ਟੀਚੇ ਨੂੰ ਹਾਸਲ ਕਰਨ ਲਈ ਸਰਕਾਰ ਮਿਸ਼ਨ ਰੋਡ 'ਤੇ ਕੰਮ ਕਰ ਰਹੀ ਹੈ ਅਤੇ ਹੁਣ ਤੱਕ 4 ਕਰੋੜ 94 ਲੱਖ 63 ਹਜ਼ਾਰ ਤੋਂ ਵੱਧ ਘਰਾਂ ਨੂੰ ਯੋਜਨਾ ਨਾਲ ਜੋੜਿਆ ਜਾ ਚੁੱਕਿਆ ਹੈ। ਸ਼੍ਰੀ ਮੋਦੀ ਨੇ ਪਿਛਲੇ ਸਾਲ 15 ਅਗਸਤ ਨੂੰ ਲਾਲ ਕਿਲੇ ਤੋਂ ਦੇਸ਼ ਦੇ ਹਰ ਘਰ ਨੂੰ ਨਲ (ਟੂਟੀ) ਤੋਂ ਪੀਣ ਵਾਲਾ ਪਾਣੀ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਸੀ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ 'ਚ 18 ਕਰੋੜ 93 ਲੱਖ 30 ਹਜ਼ਾਰ 879 ਘਰਾਂ 'ਚੋਂ ਹੁਣ ਤੱਕ ਚਾਰ ਕਰੋੜ 94 ਲੱਖ 3 ਹਜ਼ਾਰ 297 ਘਰਾਂ ਨੂੰ ਇਸ ਯੋਜਨਾ ਨਾਲ ਜੋੜਿਆ ਗਿਆ ਹੈ, ਜਿਸ 'ਚ 66 ਲੱਖ 21 ਹਜ਼ਾਰ 821 ਘਰਾਂ ਤੱਕ ਨਲ ਤੋਂ ਜਲ ਪਹੁੰਚਾਉਣ ਦੇ ਕ੍ਰਮ 'ਚ ਗੁਜਰਾਤ ਪਹਿਲੇ ਸਥਾਨ 'ਤੇ ਰਿਹਾ, ਜਦੋਂ ਕਿ 53 ਲੱਖ 88 ਹਜ਼ਾਰ 428 ਘਰਾਂ ਤੱਕ ਇਹ ਸਹੂਲਤ ਦੇਣ ਦੇ ਮਾਮਲੇ 'ਚ ਮਹਾਰਾਸ਼ਟਰ ਦੂਜੇ ਸਥਾਨ 'ਤੇ ਹੈ। ਸਾਰੇ ਸੂਬਿਆਂ 'ਚ ਘਰਾਂ ਦੀ ਗਿਣਤੀ ਵੱਖ-ਵੱਖ ਹੈ ਅਤੇ ਫੀਸਦੀ ਦੇ ਹਿਸਾਬ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਭ ਤੋਂ ਅੱਗੇ ਹਨ।

ਸਰਕਾਰ ਦਾ ਕਹਿਣਾ ਹੈ ਇਸ ਕੰਮ ਲਈ ਪੈਸਿਆਂ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਕੋਵਿਡ-19 ਕਾਰਨ ਬੇਰੋਜ਼ਗਾਰ ਹੋਏ ਕੁਸ਼ਲ ਅਤੇ ਅਕੁਸ਼ਲ ਮਜ਼ਦੂਰਾਂ ਨੂੰ ਇਸ ਪ੍ਰਾਜੈਕਟ ਦੇ ਅਧੀਨ ਪੇਂਡੂ ਇਲਾਕਿਆਂ 'ਚ ਰੋਜ਼ਗਾਰ ਉਪਲੱਬਧ ਕਰਵਾਇਆ ਜਾਵੇਗਾ। ਯੋਜਨਾ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਸ਼੍ਰੀ ਮੋਦੀ ਦੇ ਐਲਾਨ ਦੇ ਬਾਅਦ ਤੋਂ ਹੀ ਇਸ ਦਿਸ਼ਾ 'ਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। 'ਜਲ ਜੀਵਨ ਮਿਸ਼ਨ' ਦੇ ਐਲਾਨ ਤੋਂ ਬਾਅਦ 25 ਦਸੰਬਰ ਤੱਕ ਇਸ ਸੰਬੰਧ 'ਚ ਕੰਮ ਲਾਗੂ ਕਰਨ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਯੋਜਨਾ ਦਾ ਲਾਭ ਪੇਂਡੂ ਖੇਤਰ ਦੇ ਹਰ ਘਰ ਨੂੰ ਮਿਲੇ ਅਤੇ ਗਲਤੀ ਨਾਲ ਵੀ ਕੋਈ ਪਰਿਵਾਰ ਯੋਜਨਾ ਦਾ ਲਾਭ ਪਾਉਣ ਤੋਂ ਵਾਂਝਾ ਨਾ ਰਹੇ, ਇਸ ਲਈ ਇਸ ਨੂੰ ਕੇਂਦਰੀਕ੍ਰਿਤ ਕਰ ਕੇ ਪੇਂਡੂ ਪੱਧਰ 'ਤੇ ਜਲ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਸ 'ਚ 50 ਫੀਸਦੀ ਮਹਿਲਾ ਮੈਂਬਰਾਂ ਨੂੰ ਜਗ੍ਹਾ ਦਿੱਤੀ ਗਈ। ਮਿਸ਼ਨ ਨੂੰ ਪੂਰਾ ਕਰਨ 'ਚ ਕੋਈ ਕਮੀ ਨਾ ਰਹੇ, ਇਸ ਲਈ ਪਿੰਡ ਦੇ ਪੱਧਰ 'ਤੇ ਪੇਂਡੂ ਕਾਰਜ ਯੋਜਨਾ ਬਣਾਈ ਗਈ। ਜਿਵੇਂ ਹੀ ਪ੍ਰਧਾਨ ਮੰਤਰੀ ਨੇ ਯੋਜਨਾ ਦਾ ਐਲਾਨ ਕੀਤਾ ਤਾਂ ਪਹਿਲੇ 7 ਮਹੀਨੇ ਦੌਰਾਨ 85 ਲੱਖ ਘਰਾਂ ਨੂੰ ਨਲ ਤੋਂ ਜਲ ਪਹੁੰਚਾਇਆ ਗਿਆ।


DIsha

Content Editor DIsha