ਕਾਸ਼ੀ ’ਚ 69ਵਾਂ ਜਨਮ ਦਿਨ ਮਨਾ ਸਕਦੇ ਹਨ ਪੀ.ਐੱਮ. ਮੋਦੀ

09/02/2019 2:52:51 PM

ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ 69ਵੇਂ ਜਨਮ ਦਿਨ ਮੌਕੇ 17 ਸਤੰਬਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਦਾ ਦੌਰਾ ਕਰ ਸਕਦੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਜਨਮ ਦਿਨ ਸਮਾਰੋਹ ‘ਫਿਟ ਇੰਡੀਆ’ ਦੀ ਥੀਮ ’ਤੇ ਆਧਾਰਤ ਹੋਵੇਗਾ। ਇਸ ਮੌਕੇ ਸੰਸਦੀ ਖੇਤਰ ’ਚ ਭਾਜਪਾ ਵਰਕਰ ਜ਼ਿਲਾ ਪ੍ਰਸ਼ਾਸਨ ਨਾਲ ਸਿਹਤ ਕੈਂਪਾਂ ਦਾ ਆਯੋਜਨ ਕਰਨਗੇ। ਸੂਤਰਾਂ ਅਨੁਸਾਰ ਮੋਦੀ 17 ਸਤੰਬਰ ਦੀ ਸ਼ਾਮ 2 ਦਿਨਾਂ ਦੌਰੇ ’ਤੇ ਵਾਰਾਣਸੀ ਆਉਣਗੇ। ਦੌਰੇ ਦੇ ਦੂਜੇ ਅਤੇ ਆਖਰੀ ਦਿਨ ਉਹ ਕਾਸ਼ੀ ਦੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਕਈ ਪ੍ਰੋਗਰਾਮਾਂ ’ਚ ਸ਼ਾਮਲ ਹੋਣਗੇ। ਮੋਦੀ ਆਪਣਾ ਜਨਮ ਦਿਨ ਸਕੂਲੀ ਬੱਚਿਆਂ ਨਾਲ ਮਨਾਉਣਗੇ।

ਵਾਰਾਣਸੀ ’ਚ ਫਿਟ ਇੰਡੀਆ ਦੀ ਸ਼ੁਰੂਆਤ 13 ਸਤੰਬਰ ਨੂੰ ਹੋਵੇਗੀ, ਜਿਸ ਦੇ ਅਧੀਨ ਮੁਫ਼ਤ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਖੂਨਦਾਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। 17 ਸਤੰਬਰ ਨੂੰ ਬਾਰਾ ਲਾਲਪੁਰ ’ਚ ਦੀਨਦਿਆਲ ਉਪਾਧਿਆਏ ਹਸਤਕਲਾ ਸੰਕੁਲ ’ਤੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸੇ ਰੋਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਹਾਜ ਬੱਚਿਆਂ ਨਾਲ ਕੁਝ ਸਮਾਂ ਬਿਤਾਉਣਗੇ ਅਤੇ ਬੁੱਧੀਜੀਵੀਆਂ ਨਾਲ ਮੁਲਾਕਾਤ ਕਰਨਗੇ। ਸੂਤਰਾਂ ਨੇ ਦੱਸਿਆ ਕਿ 18 ਸਤੰਬਰ ਨੂੰ ਮੋਦੀ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਉਹ ਛਿਤੌਨੀ ਕੋਟ ਖੇਤਰ ’ਚ ਸਥਿਤ ਕਾਨਹਾ ਉਪਵਨ ’ਚ ਪੰਡਤ ਦੀਨ ਦਿਆਲ ਉਪਾਧਿਆਏ ਦੀ 63 ਫੁੱਟ ਉੱਚੀ ਮੂਰਤੀ ਦਾ ਵੀ ਉਦਘਾਟਨ ਕਰ ਸਕਦੇ ਹਨ। ਇਸ ਤੋਂ ਇਲਾਵਾ ਵਾਰਾਣਸੀ-ਚੰਦੌਲੀ ਸਰਹੱਦ ’ਤੇ ਸਥਿਤ ਮਿਊਜ਼ੀਅਮ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਕਰ ਸਕਦੇ ਹਨ। ਮੋਦੀ ਗਦੌਲੀਆ ਖੇਤਰ ’ਚ ਸ਼ਹਿਰ ਦੀ ਪਹਿਲੀ ਮਲਟੀ ਲੇਵਲ ਪਾਰਕਿੰਗ ਦਾ ਵੀ ਨੀਂਹ ਪੱਥਰ ਰੱਖਣਗੇ।


DIsha

Content Editor

Related News