ਜਦੋਂ ਨਰਿੰਦਰ ਮੋਦੀ ਨੂੰ ਦੇਖ ਘਬਰਾ ਗਏ ਸਨ ਇਮਰਾਨ ਖਾਨ
Sunday, Jul 29, 2018 - 12:47 PM (IST)
ਨਵੀਂ ਦਿੱਲੀ (ਬਿਊਰੋ)— ਪਾਕਿਸਤਾਨ ਦੇ ਵਜ਼ੀਰੇ ਆਜ਼ਮ ਬਣਨ ਜਾ ਰਹੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਇਕ ਵਾਰ ਜਦੋਂ ਨਰਿੰਦਰ ਮੋਦੀ ਨਾਲ ਆਹਮੋ-ਸਾਹਮਣਾ ਹੋਏ ਤਾਂ ਉਹ ਬੁਰੀ ਤਰ੍ਹਾਂ ਘਬਰਾ ਗਏ ਸਨ। ਇਹ ਘਟਨਾ 2006 'ਚ ਇੱਥੇ ਇਕ ਸੰਮੇਲਨ ਦੇ ਦੌਰਾਨ ਹੋਈ ਸੀ। ਮੋਦੀ ਉਸ ਸਮੇਂ ਗੁਜਰਾਤ ਦੇ ਮੁੱਖਮੰਤਰੀ ਸਨ। ਇਸ ਗੱਲ ਦਾ ਖੁਲਾਸਾ ਇਮਰਾਨ 'ਤੇ ਲਿਖੀ ਗਈ ਕਿਤਾਬ 'ਇਮਰਾਨ ਵਰਸੇਜ਼ ਇਮਰਾਨ-ਦਿ ਅਨਟੋਲਡ ਸਟੋਰੀ' 'ਚ ਕੀਤਾ ਗਿਆ ਹੈ। ਪਾਕਿਸਤਾਨ 'ਚ ਹਾਲ ਹੀ 'ਚ ਹੋਈਆਂ ਰਾਸ਼ਟਰੀ ਅਸੈਂਬਲੀ ਦੀਆਂ ਚੋਣਾਂ 'ਚ ਇਮਰਾਨ ਖਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕ ਏ ਇਨਸਾਫ' ਸਭ ਤੋਂ ਵੱਡੇ ਦਲ ਦੇ ਰੂਪ 'ਚ ਉੱਭਰੀ ਹੈ ਅਤੇ ਉਹ ਸੱਤਾ 'ਚ ਆਉਣ ਜਾ ਰਹੀ ਹੈ।

ਇਮਰਾਨ ਅਤੇ ਮੋਦੀ ਨੂੰ ਇਕ ਸੰਮੇਲਨ 'ਚ ਮਹਿਮਾਨ ਦੇ ਤੌਰ 'ਤੇ ਸੱਦਾ ਦਿੱਤਾ ਗਿਆ ਸੀ। ਇਮਰਾਨ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਮੋਦੀ ਵੀ ਉਨ੍ਹਾਂ ਦੇ ਪੈਨਲ 'ਚ ਸਾਮਲ ਹਨ। ਉਹ ਆਪਣੀ ਸੀਟ 'ਤੇ ਬੈਠੇ ਹੀ ਸੀ ਕਿ ਉਨ੍ਹਾਂ ਦੇਖਿਆ ਕਿ ਸਾਹਮਣੇ ਤੋਂ ਮੋਦੀ ਉਨ੍ਹਾਂ ਵੱਲ ਆ ਰਹੇ ਹਨ। ਮੋਦੀ ਇਕ ਝਟਕੇ 'ਚ ਉਨ੍ਹਾਂ ਦੇ ਠੀਕ ਸਾਹਮਣੇ ਆ ਗਏ ਜਿਨ੍ਹਾਂ ਨੂੰ ਵੇਖ ਇਮਰਾਨ ਹੈਰਾਨ ਰਹਿ ਗਏ। ਉਨ੍ਹਾਂ ਨਜ਼ਰਾਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸ਼੍ਰੀ ਮੋਦੀ ਨੇ ਉਨ੍ਹਾਂ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਇਆ। ਨਾ ਚਾਹੁੰਦੇ ਹੋਏ ਵੀ ਇਮਰਾਨ ਨੂੰ ਮਜਬੂਰਨ ਖੜ੍ਹਾ ਹੋਣਾ ਪਿਆ।

ਮੋਦੀ ਨੇ ਇਮਰਾਨ ਦੇ ਨਾਲ ਗੱਲਬਾਤ 'ਚ ਉਨ੍ਹਾਂ ਦੇ ਕ੍ਰਿਕਟ ਕੌਸ਼ਲ ਦੀ ਜੰਮ ਕੇ ਸ਼ਲਾਘਾ ਕੀਤੀ। ਉਨ੍ਹਾਂ ਇਮਰਾਨ ਦੀ ਅਗਵਾਈ 'ਚ ਪਾਕਿਸਤਾਨੀ ਕ੍ਰਿਕਟ ਟੀਮ ਅਤੇ ਭਾਰਤੀ ਟੀਮ ਦੇ ਮੁਕਾਬਲਿਆਂ ਨੂੰ ਯਾਦ ਕੀਤਾ। ਇਮਰਾਨ ਵੀ ਇਸ ਗੱਲ ਤੋਂ ਹੈਰਾਨ ਸਨ ਕਿ ਮੋਦੀ ਦੇ ਕੋਲ ਕ੍ਰਿਕਟ ਅਤੇ ਉਨ੍ਹਾਂ ਦੇ ਖੇਡ ਨੂੰ ਲੈ ਕੇ ਬਹੁਤ ਜਾਣਕਾਰੀ ਹੈ। ਉਨ੍ਹਾਂ ਇਮਰਾਨ ਦੇ ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਕਪਤਾਨੀ ਤਿੰਨਾਂ ਦੀ ਰੱਜ ਕੇ ਸ਼ਲਾਘਾ ਕੀਤੀ। ਕਿਤਾਬ 'ਚ ਦੱਸਿਆ ਗਿਆ ਹੈ ਕਿ ਇਮਰਾਨ ਦੇ ਲਈ ਅਚਾਨਕ ਹੋਈ ਮੁਲਾਕਾਤ ਮੁਸ਼ਕਲ ਭਰੀ ਸੀ ਅਤੇ ਉਸ ਸਮੇਂ ਉਹ ਬੋਲਣ ਦੀ ਸਥਿਤੀ 'ਚ ਨਹੀਂ ਸਨ ਪਰ ਕਿਸੇ ਤਰ੍ਹਾਂ ਹਿੰਮਤ ਕਰਕੇ ਉਨ੍ਹਾਂ ਆਪਣੀ ਸ਼ਲਾਘਾ ਦੇ ਲਈ ਮੋਦੀ ਨੂੰ ਧੰਨਵਾਦ ਕੀਤਾ।

ਇਮਰਾਨ ਦੀ ਹਾਲਤ ਉਸ ਸਮੇਂ ਹੋਰ ਪਤਲੀ ਹੋ ਗਈ ਜਦੋਂ ਉਨ੍ਹਾਂ ਦੇਖਿਆ ਕਿ ਕਈ ਫੋਟੋਗ੍ਰਾਫਰ ਉਸ ਮੁਲਾਕਾਤ ਨੂੰ ਕੈਮਰੇ 'ਚ ਕੈਦ ਕਰਨ ਲੱਗੇ ਹੋਏ ਸਨ। ਕਿਤਾਬ ਦੇ ਮੁਤਾਬਕ ਸ਼੍ਰੀ ਮੋਦੀ ਦੇ ਗੁਜਰਾਤ ਦੇ ਮੁੱਖਮੰਤਰੀ ਰਹਿੰਦੇ 2002 'ਚ ਉੱਥੇ ਹੋਏ ਦੰਗਿਆਂ ਦੇ ਕਾਰਨ ਪਾਕਿਸਤਾਨ 'ਚ ਮੋਦੀ ਦਾ ਅਕਸ ਕਾਫੀ ਖਰਾਬ ਸੀ ਅਤੇ ਇਮਰਾਨ ਨੂੰ ਉਸ ਸਮੇਂ ਇਹ ਖਿਆਲ ਦਹਿਸ਼ਤ 'ਚ ਪਾ ਰਿਹਾ ਸੀ ਕਿ ਜੇਕਰ ਇਸ ਮੁਲਾਕਾਤ ਦੀਆਂ ਤਸਵੀਰਾਂ ਪਾਕਿਸਤਾਨ ਦੇ ਅਖਬਾਰਾਂ 'ਚ ਮੁੱਖ ਪੰਨਿਆਂ 'ਤੇ ਛੱਪ ਗਈਆਂ ਤਾਂ ਉਨ੍ਹਾਂ ਦੇ ਸਿਆਸੀ ਅਕਸ ਨੂੰ ਡੂੰਘਾ ਝਟਕਾ ਲੱਗੇਗਾ, ਪਰ ਉਹ ਉਸ ਸਮੇਂ ਕੁਝ ਵੀ ਕਹਿਣ ਦੀ ਸਥਿਤੀ 'ਚ ਨਹੀਂ ਸਨ। ਕਿਤਾਬ 'ਚ ਕਿਹਾ ਗਿਆ ਕਿ ਇਮਰਾਨ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਉਨ੍ਹਾਂ ਵੇਖਿਆ ਕਿ ਪਾਕਿਸਤਾਨੀ ਪ੍ਰੈੱਸ 'ਚ ਇਸ ਮੁਲਾਕਾਤ ਨੂੰ ਲੈ ਕੇ ਕੁਝ ਵੀ ਨਹੀਂ ਛੱਪਿਆ ਅਤੇ ਇਸ ਦੀਆਂ ਤਸਵੀਰਾਂ ਸਰਹੱਦ ਪਾਰ ਨਹੀਂ ਪਹੁੰਚ ਸਕੀਆਂ ਸਨ।
