ਨੰਦੀਗ੍ਰਾਮ: ਭਾਜਪਾ ਵਰਕਰ ਘਰ ’ਚ ਫੰਦੇ ਨਾਲ ਲਟਕਿਆ ਮਿਲਿਆ
Thursday, Apr 01, 2021 - 02:15 PM (IST)
ਨੰਦੀਗ੍ਰਾਮ (ਭਾਸ਼ਾ)— ਪੱਛਮੀ ਬੰਗਾਲ ਵਿਚ ਮੇਦਿਨੀਪੁਰ ਜ਼ਿਲ੍ਹੇ ਦੇ ਨੰਦੀਗ੍ਰਾਮ ’ਚ ਇਕ ਭਾਜਪਾ ਵਰਕਰ ਵੀਰਵਾਰ ਨੂੰ ਆਪਣੇ ਘਰ ਵਿਚ ਫੰਦੇ ਨਾਲ ਲਟਕਿਆ ਮਿਲਿਆ। ਇਸ ਹਾਈ ਪ੍ਰੋਫਾਈਲ ਸੀਟ ’ਤੇ ਚੱਲ ਰਹੀਆਂ ਵੋਟਾਂ ਦਰਮਿਆਨ ਇਲਾਕੇ ’ਚ ਤਣਾਅ ਪੈਦਾ ਹੋ ਗਿਆ ਹੈ। ਪੁਲਸ ਨੇ ਦੱਸਿਆ ਕਿ ਵੀਰਵਾਰ ਸਵੇਰੇ ਨੰਦੀਗ੍ਰਾਮ ਦੇ ਭੇਕੁਟੀਆ ਇਲਾਕੇ ਵਿਚ ਉਦੈ ਦੁਬੇ ਆਪਣੇ ਘਰ ’ਚ ਫਾਹੇ ਨਾਲ ਲਟਕਦੇ ਮਿਲੇ। ਭਾਜਪਾ ਨੇਤਾਵਾਂ ਨੇ ਦੋਸ਼ ਲਾਇਆ ਕਿ 30 ਮਾਰਚ ਨੂੰ ਭਾਜਪਾ ਉਮੀਦਵਾਰ ਸ਼ੁਭੇਂਦੁ ਅਧਿਕਾਰੀ ਦੇ ਸਮਰਥਨ ’ਚ ਇਲਾਕੇ ’ਚ ਪ੍ਰਚਾਰ ਕਰਨ ਵਾਲੇ ਸੁਪਰਸਟਾਰ ਮਿਥੁਨ ਚੱਕਰਵਤੀ ਦੇ ਰੋਡ ਸ਼ੋਅ ’ਚ ਹਿੱਸਾ ਲੈਣ ਤੋਂ ਬਾਅਦ ਦੁਬੇ ਨੂੰ ਤਿ੍ਰਣਮੂਲ ਕਾਂਗਰਸ ਤੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਨਾਲ ਉਹ ਤਣਾਅ ਵਿਚ ਸਨ।
ਭਾਜਪਾ ਨੇ ਦੋਸ਼ ਲਾਇਆ ਕਿ ਅਜਿਹਾ ਹੋ ਸਕਦਾ ਹੈ ਕਿ ਟੀ. ਐੱਮ. ਸੀ. ਦੇ ਗੁੰਡਿਆਂ ਨੇ ਉਸ ਨੂੰ ਫਾਹਾ ਲਾਇਆ ਹੋਵੇ। ਟੀ. ਐੱਮ. ਸੀ. ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਅਤੇ ਮੌਤ ਨੂੰ ਲੈ ਕੇ ਸਿਆਸਤ ਕਰਨ ਲਈ ਭਾਜਪਾ ’ਤੇ ਨਿਸ਼ਾਨਾ ਵਿੰਨਿ੍ਹਆ। ਟੀ. ਐੱਮ. ਸੀ. ਦੇ ਇਕ ਸੀਨੀਅਰ ਨੇਤਾ ਨੇ ਦਾਅਵਾ ਕੀਤਾ ਕਿ ਦੁਬੇ ਨੇ ਪਰਿਵਾਰਕ ਮੁਸ਼ਕਲ ਕਾਰਨ ਖ਼ੁਦਕੁਸ਼ੀ ਕਰ ਲਈ।
ਓਧਰ ਪੁਲਸ ਨੇ ਦੱਸਿਆ ਕਿ ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਮਿਲਣ ਮਗਰੋਂ ਹੀ ਮੌਤ ਦੀ ਅਸਲੀ ਵਜ੍ਹਾ ਦਾ ਪਤਾ ਲੱਗ ਸਕੇਗਾ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਸਥਿਤੀ ਨੂੰ ਕੰਟਰੋਲ ਵਿਚ ਕਰਨ ਲਈ ਇਲਾਕੇ ’ਚ ਕੇਂਦਰੀ ਸੁਰੱਖਿਆ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਨੰਦੀਗ੍ਰਾਮ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਨ੍ਹਾਂ ਦੇ ਸਾਬਕਾ ਸਹਿਯੋਗੀ ਤੇ ਭਾਜਪਾ ਉਮੀਦਵਾਰ ਸ਼ੁਭੇਂਦੁ ਅਧਿਕਾਰੀ ਵਿਚਾਲੇ ਮੁਕਾਬਲਾ ਹੈ, ਜਿਸ ਦੇ ਮੱਦੇਨਜ਼ਰ ਇੱਥੇ ਧਾਰਾ-144 ਲਾਗੂ ਹੈ।